
ਚੰਡੀਗੜ੍ਹ 30,ਅਗਸਤ (ਸਾਰਾ ਯਹਾਂ ਬਿਊਰੋ ਰਿਪੋਰਟ) : ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਅਮਰਿੰਦਰ ਸਿੰਘ ਦਰਮਿਆਨ ਟਕਰਾਅ ਅਜੇ ਵੀ ਜਾਰੀ ਹੈ। ਇਸ ਦਰਮਿਆਨ ਕਾਂਗਰਸ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸਪਸ਼ਟ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੀ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਇਸ ਤੋਂ ਬਾਅਦ ਕਈ ਤਰ੍ਹਾਂ ਸਵਾਲ ਉੱਠ ਰਹੇ ਹਨ। ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਰਾਵਤ ਕੈਪਟਨ ਦਾ ਸਮਰਥਨ ਕਰ ਰਹੇ ਹਨ।
ਹੁਣ ਹਰੀਸ਼ ਰਾਵਤ ਨੇ ਕਿਹਾ ਹੈ ਕਿ ਮੈਂ ਕਿਸੇ ਦੀ ਬੈਕ ਨਹੀਂ ਕਰ ਰਿਹਾ। ਮੈਂ ਸਿਰਫ ਪੰਜਾਬ ਕਾਂਗਰਸ ਦਾ ਸਮਰਥਨ ਕਰ ਰਿਹਾ ਹਾਂ। ਜਦੋਂ ਮੈਂ ਸਿੱਧੂ ਦੀ ਪ੍ਰਸ਼ੰਸਾ ਕਰ ਰਿਹਾ ਸੀ, ਬਹੁਤ ਸਾਰੇ ਲੋਕ ਮੈਨੂੰ ਇਹੀ ਗੱਲਾਂ ਕਹਿ ਰਹੇ ਸਨ। ਅੱਜ ਜਿਥੋਂ ਤੱਕ ਚਿਹਰੇ ਦੀ ਗੱਲ ਹੈ, ਕਾਂਗਰਸ ਦੇ ਅੰਦਰ ਸਾਡੇ ਕੋਲ ਸੋਨੀਆ ਜੀ, ਰਾਹੁਲ ਜੀ, ਪ੍ਰਿਯੰਕਾ ਜੀ ਵਰਗੇ ਅਖਿਲ ਭਾਰਤ ਦੇ ਚਿਹਰੇ ਹਨ।
ਉਨ੍ਹਾਂ ਕਿਹਾ ਸਾਡੇ ਕੋਲ ਸਥਾਨਕ ਚਿਹਰਾ ਕੈਪਟਨ ਅਮਰਿੰਦਰ, ਨਵਜੋਤ ਸਿੱਧੂ, ਪ੍ਰਗਟ ਸਿੰਘ ਵੀ ਸਾਡੇ ਚਿਹਰੇ ਹਨ। ਅਸੀਂ ਉਨ੍ਹਾਂ ਨੂੰ ਵੀ ਅੱਗੇ ਰੱਖਾਂਗੇ। ਜਲਦੀ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਮੈਨੂੰ ਪਤਾ ਹੈ ਕਿ ਕਿਸ ਸਮੇਂ ਕੀ ਕਹਿਣਾ ਹੈ ਤੇ ਕੀ ਨਹੀਂ ਕਹਿਣਾ। ਉਨ੍ਹਾਂ ਕਿਹਾ ਹਰ ਕੋਈ ਮਿਲ ਕੇ ਚੋਣ ਲੜੇਗਾ, ਤਾਂ ਜੋ 2022 ਦੀ ਚੋਣ ਜਿੱਤੀ ਜਾ ਸਕੇ। ਚੰਗਾ ਹੁੰਦਾ ਜੇ ਇਹ ਗੱਲਾਂ ਪਾਰਟੀ ਰਾਹੀਂ ਕਹੀਆਂ ਜਾਂਦੀਆਂ।
ਉਧਰ ਕਾਂਗਰਸ ਹਾਈ ਕਮਾਂਡ ਦੇ ਸਖਤ ਸੰਕੇਤਾਂ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਤੇਵਰਾਂ ‘ਚ ਕੋਈ ਫਰਕ ਨਹੀਂ ਆ ਰਿਹਾ। ਉਨ੍ਹਾਂ ਦੇ ‘ਟਵੀਟ ਬੰਬਾਂ’ ਦਾ ਦੌਰ ਜਾਰੀ ਹੈ। ਉਨ੍ਹਾਂ ਦੇ ਹਮਲਿਆਂ ਵਿੱਚ ਨਿਸ਼ਾਨਾ ਹਾਲੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹਨ। ਹਾਈਕਮਾਨ ਨੂੰ ਉਮੀਦ ਸੀ ਕਿ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਦੋਵੇਂ ਮਜ਼ਬੂਤ ਨੇਤਾਵਾਂ ਵਿਚਾਲੇ ਬਿਆਨਬਾਜ਼ੀ ਰੁਕ ਜਾਵੇਗੀ ਪਰ ਅਜਿਹਾ ਨਜ਼ਰ ਨਹੀਂ ਆ ਰਿਹਾ।
ਸਿੱਧੂ ਹਾਲੇ ਵੀ ‘ਕੈਪਟਨ’ ‘ਤੇ ਅਸਿੱਧੇ ਤੌਰ ‘ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਖੁੰਝਾ ਰਹੇ। ਤਾਜ਼ਾ ਟਵੀਟਾਂ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵਿਵਾਦ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਕਾਂਗਰਸੀ ਸੂਤਰਾਂ ਦਾ ਮੰਨਣਾ ਹੈ ਕਿ ਇਸ ਦਾ ਮਾੜਾ ਅਸਰ ਪਾਰਟੀ ਨੂੰ ਵਿਧਾਨ ਸਭਾ ਚੋਣਾਂ 2022 ਵਿੱਚ ਭੁਗਤਣਾ ਪੈ ਸਕਦਾ ਹੈ। ਨਵਜੋਤ ਸਿੱਧੂ ਨੇ ਬਿਜਲੀ ਦਰਾਂ ਸਬੰਧੀ ਦੋ ਤਾਜ਼ਾ ਟਵੀਟ ਕੀਤੇ ਹਨ, ਉਨ੍ਹਾਂ ਦਾ ਇਰਾਦਾ ‘ਸਪਸ਼ਟ’ ਹੋ ਸਕਦਾ ਹੈ ਪਰ ਟਵੀਟ ਤੋਂ ਇੰਝ ਜਾਪਦਾ ਹੈ ਜਿਵੇਂ ਉਹ ਪੰਜਾਬ ਸਰਕਾਰ ਨੂੰ ‘ਨਿਰਦੇਸ਼’ ਦੇ ਰਹੇ ਹੋਣ।
