ਮਾਨਸਾ – 26 ਮਾਰਚ – (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਇੱਥੇ ਜਨਵਾਦੀ ਨੌਜਵਾਨ ਸਭਾ ( ਡੀ.ਵਾਈ.ਐਫ.ਆਈ.) ਜਿਲ੍ਹਾ ਮਾਨਸਾ ਦੇ ਇਜਲਾਸ ਵਿੱਚ ਐਡਵੋਕੇਟ ਅੰਮ੍ਰਿਤਪਾਲ ਸਿੰਘ ਵਿਰਕ ਜਿਲ੍ਹਾ ਪ੍ਰਧਾਨ , ਰਵਿੰਦਰ ਕੁਮਾਰ ਸਰਦੂਲਗੜ੍ਹ ਜਨਰਲ ਸਕੱਤਰ ਅਤੇ ਬਿੰਦਰ ਸਿੰਘ ਅਹਿਮਦਪੁਰ ਖਜ਼ਾਨਚੀ ਸਰਬ-ਸੰਮਤੀ ਨਾਲ ਚੁਣੇ ਗਏ। ਡੀ.ਵਾਈ.ਐਫ.ਆਈ. ਦੇ ਸਥਾਨਕ ਬਾਬਾ ਗੱਜਣ ਸਿੰਘ ਟਾਂਡੀਆ ਭਵਨ ਵਿੱਚ ਸੰਪੰਨ ਹੋਏ ਇਜਲਾਸ ਵਿੱਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਨਾਗੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਾਥੀ ਨਾਗੀ ਨੇ ਉਦਘਾਟਨੀ ਭਾਸ਼ਣ ਵਿੱਚ ਦੇਸ਼ ਅਤੇ ਦੁਨੀਆਂ ਦੇ ਹਾਲਾਤਾਂ ਦਾ ਜਿੱਕਰ ਕਰਦਿਆਂ ਕਿਹਾ ਕਿ ਸਾਮਰਾਜੀ ਪੂੰਜੀਵਾਦੀ ਵਿਵਸਥਾ ਵਿੱਚ ਬੇਰੁਜ਼ਗਾਰੀ , ਭੁੱਖਮਰੀ , ਗਰੀਬੀ , ਅਨਪੜਤਾ , ਭ੍ਰਿਸ਼ਟਾਚਾਰ ਆਦਿ ਵੱਧ ਰਿਹਾ ਹੈ ਅਤੇ ਮੁੱਠੀ ਭਰ ਕਾਰਪੋਰੇਟਾਂ ਦੇ ਮੁਨਾਫਿਆਂ ਵਿੱਚ ਇਜ਼ਾਫਾ ਹੋ ਰਿਹਾ ਹੈ। ਫਿਰਕੂ – ਫਾਸੀਵਾਦੀ ਸਮੇਤ ਨਸਲੀ ਅਤੇ ਜਾਤੀਵਾਦੀ ਤਾਕਤਾਂ ਦੁਆਰਾ ਗਿਣੇ-ਮਿੱਥੇ ਢੰਗ ਨਾਲ ਸਮਾਜ ਵਿੱਚ ਵੰਡਪਾਊ ਅਤੇ ਜ਼ਹਿਰੀਲਾ ਫਿਰਕੂ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਇਸ ਹੱਥਕੰਡੇ ਰਾਹੀਂ ਸਰਕਾਰਾਂ ਵਿਰੁੱਧ ਉੱਠ ਰਹੇ ਜਨਤਕ ਰੋਹ ਨੂੰ ਕਮਜ਼ੋਰ ਕਰਨਾ ਅਤੇ ਵੰਡਣਾ ਹੈ। ਨੌਜਵਾਨ ਆਗੂ ਨੇ ਜਨਵਾਦੀ ਨੌਜਵਾਨ ਸਭਾ ਦੇ ਪ੍ਰੋਗਰਾਮ ਅਤੇ ਟੀਚਿਆਂ ਬਾਰੇ ਨੌਜਵਾਨਾਂ ਜਾਣੂ ਕਰਵਾਇਆ। ਉਨ੍ਹਾਂ ਆਪਣੀ ਤਕਰੀਰ ਵਿੱਚ ਡੀ.ਵਾਈ.ਐਫ.ਆਈ. ਦੀਆਂ ਇਤਿਹਾਸਿਕ ਪ੍ਰਾਪਤੀਆਂ ਅਤੇ ਕੁਰਬਾਨੀਆਂ ਭਰਪੂਰ ਇਤਿਹਾਸ ਦਾ ਵਿਸਥਾਰ ਨਾਲ ਜਿੱਕਰ ਕੀਤਾ ਅਤੇ ਨੌਜਵਾਨਾਂ ਨੂੰ ਡੀ.ਵਾਈ.ਐਫ.ਆਈ. ਦੀ ਅਗਵਾਈ ਵਿੱਚ ਜਥੇਬੰਦ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਜਥੇਬੰਦੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਿੱਖਿਆ ਦੇ ਮੁਫ਼ਤ ਮੁਹੱਈਆ ਕਰਵਾਏ ਜਾਣ ਤੋਂ ਬਿਨਾਂ ਦੇਸ਼ ਦੀ ਤਰੱਕੀ ਅਤੇ ਵਿਕਾਸ ਅਸੰਭਵ ਹੈ। ਉਨ੍ਹਾਂ ਪੰਜਾਬ ਦੇ ਮਾਹੌਲ ਸਬੰਧੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਫਿਰਕੂ ਤਾਕਤਾਂ ਲਈ ਕੋਈ ਥਾਂ ਨਹੀਂ। ਪੰਜਾਬੀ ਇੰਨਾਂ ਤਾਕਤਾਂ ਦੇ ਮਨਸੂਬੇ ਕਦੇ ਵੀ ਸਫ਼ਲ ਨਹੀਂ ਹੋਣ ਦੇਣਗੇ। ਇਸ ਮੌਕੇ ਸੰਬੋਧਨ ਕਰਨ ਅਤੇ ਭਰਾਤਰੀ ਸੰਦੇਸ਼ ਦੇਣ ਵਾਲਿਆਂ ਵਿੱਚ ਐਸ.ਐਸ.ਆਈ. ਦੇ ਸਾਬਕਾ ਸੂਬਾਈ ਆਗੂ ਮੱਖਣ ਸਿੰਘ , ਪੰਜਾਬ ਦੇ ਕਨਵੀਨਰ ਮਾਨਵ ਮਾਨਸਾ , ਪੰਜਾਬ ਕਿਸਾਨ ਸਭਾ ਦੇ ਜਿਲ੍ਹਾ ਆਗੂਆਂ ਜਸਵੰਤ ਸਿੰਘ ਬੀਰੋਕੇ , ਅਮਰਜੀਤ ਸਿੰਘ ਸਿੱਧੂ , ਨੌਜਵਾਨ ਸਭਾ ਦੇ ਸਾਬਕਾ ਜ਼ਿਲ੍ਹਾ ਸਕੱਤਰ ਘਨੀਸ਼ਾਮ ਨਿੱਕੂ , ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਲਜੀਤ ਸਿੰਘ ਖੀਵਾ , ਸੀਟੂ ਦੇ ਜਿਲ੍ਹਾ ਆਗੂ ਸੁਰੇਸ਼ ਕੁਮਾਰ ਮਾਨਸਾ , ਬੀਰਬਲ ਸਿੰਘ , ਕੇਸਰ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਡੀ.ਵਾਈ.ਐਫ.ਆਈ.ਦੀ ਨਵੀਂ ਚੁਣੀ 15 ਮੈਂਬਰੀ ਕਮੇਟੀ ਵਿੱਚ ਪ੍ਰਧਾਨ , ਜਨਰਲ ਸਕੱਤਰ ਅਤੇ ਖਜ਼ਾਨਚੀ ਤੋਂ ਬਿਨਾਂ ਪੀ.ਐਸ.ਸਿੱਧੂ , ਮਾਨਵ ਮਾਨਸਾ , ਸਿਕੰਦਰ ਸਿੰਘ ਬਰੇਟਾ (ਤਿੰਨੋਂ ਮੀਤ ਪ੍ਰਧਾਨ) , ਐਮ.ਐਸ. ਮੱਟੂ , ਲਖਵੀਰ ਸਿੰਘ ਖੁਡਾਲ , ਰਾਜਿੰਦਰ ਸਿੰਘ ਖੀਵਾ (ਤਿੰਨੋਂ ਜੁਆਇੰਟ ਸਕੱਤਰ) ਅਤੇ ਲੱਕੀ ਸੋਨੀ ਸਰਦੂਲਗੜ੍ਹ , ਗੁਰਪ੍ਰੀਤ ਸਿੰਘ ਅਹਿਮਦਪੁਰ ਅਤੇ ਸਾਹਿਲ ਗੋਇਲ ਸਰਦੂਲਗੜ੍ਹ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ। ਤਿੰਨ ਸੀਟਾਂ ਖਾਲੀ ਰੱਖੀਆਂ ਗਈਆਂ।