
ਮਾਨਸਾ, 27 ਜਨਵਰੀ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਮਾਨਸਾ ਵਿੱਚ ਇੱਕ ਸੜਕ ਦਾ ਨਾਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਉੱਤੇ ਰੱਖਿਆ ਗਿਆ ਹੈ। ਮੰਡੀ ਬੋਰਡ ਨੇ ਰਮਦਿੱਤਾ ਰੋਡ ਦਾ ਨਾਂ ਬਦਲ ਦਿੱਤਾ ਹੈ। 26 ਜਨਵਰੀ ਨੂੰ ਮਾਨਸਾ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਐਲਾਨ ਕੀਤਾ। ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਕਤਲ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਦੇਸ਼ਾਂ ‘ਚ ਬੈਠੇ ਦੋਸ਼ੀਆਂ ਨੂੰ ਭਾਰਤ ਲਿਆਉਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।
ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਦਾ ਦੁੱਖ ਅਸਹਿ ਹੈ। ਸਰਕਾਰ ਦੀ ਹਮਦਰਦੀ ਪਰਿਵਾਰ ਨਾਲ ਹੈ। ਮੂਸੇਵਾਲਾ ਦੀ ਸੁਰੱਖਿਆ ਲੀਕ ਕਰਨ ਦੇ ਸਵਾਲ ‘ਤੇ ਮੰਤਰੀ ਬਲਬੀਰ ਨੇ ਕਿਹਾ ਕਿ ਇਸ ਕਤਲ ਕਾਂਡ ਦੀ ਜਾਂਚ ਕਈ ਪਹਿਲੂਆਂ ਤੋਂ ਚੱਲ ਰਹੀ ਹੈ। ਜੇਕਰ ਉਨ੍ਹਾਂ ਦੀ ਪਾਰਟੀ ਦਾ ਵੀ ਕੋਈ ਮੈਂਬਰ ਮੂਸੇਵਾਲਾ ਦੀ ਸੁਰੱਖਿਆ ਨੂੰ ਲੀਕ ਕਰਨ ‘ਚ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਜ਼ਿਕਰਯੋਗ ਹੈ ਕਿ ਸੁਰੱਖਿਆ ਵਿੱਚ ਕਟੌਤੀ ਕੀਤੇ ਜਾਣ ਤੋਂ ਅਗਲੇ ਹੀ ਦਿਨ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ।ਮੰਤਰੀ ਬਲਵੀਰ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਤਤਕਾਲੀ ਡੀਜੀਪੀ ਨੇ ਕਿਹਾ ਸੀ ਕਿ ਪੰਜਾਬ ਵਿੱਚ 57 ਅਜਿਹੇ ਗੈਂਗ ਹਨ ਜੋ ਵਾਰਦਾਤਾਂ ਕਰਦੇ ਹਨ। ਇਨ੍ਹਾਂ ਗੈਂਗਸਟਰਾਂ ਨੂੰ ਉਨ੍ਹਾਂ ਦੀ ਅਸਲ ਥਾਂ ‘ਤੇ ਸਲਾਖਾਂ ਪਿੱਛੇ ਧੱਕਣ ਦਾ ਕੰਮ ਸਿਰਫ਼ ‘ਆਪ’ ਸਰਕਾਰ ਹੀ ਕਰ ਰਹੀ ਹੈ।
