ਚੰਡੀਗੜ੍ਹ 19 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬੀ ਗਾਇਕ ਅਤੇ ਆਮ ਆਦਮੀ ਪਾਰਟੀ ਨਾਲ ਜੁੜੀ ਅਨਮੋਲ ਗਗਨ ਮਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ।13 ਜੁਲਾਈ ਨੂੰ ਜੁਆਇਨਿੰਗ ਸਮੇਂ ਵੱਡਾ ਇਕੱਠ ਕਰਨ ‘ਤੇ ਹਾਈਕੋਰਟ ਸਖ਼ਤ ਹੋਇਆ ਹੈ।ਹੁਣ ਅਦਾਲਤ ਨੇ ਚੰਡੀਗੜ੍ਹ ਪੁਲੀਸ ਨੂੰ ਕਾਰਵਾਈ ਕਰਨ ਦੇ ਦਿੱਤੇ ਹੁਕਮ ਹਨ।
ਐਡਵੋਕੇਟ ਪਰਮਪ੍ਰੀਤ ਬਾਜਵਾ ਵੱਲੋਂ ਹਾਈਕੋਰਟ ‘ਚ PIL ਪਾਈ ਗਈ ਸੀ। ‘ਆਪ’ ਦੇ ਇਕੱਠ ਨੂੰ ਦੇਖਦੇ ਹੋਏ ਐਡਵੋਕੇਟ ਪਰਮਪ੍ਰੀਤ ਬਾਜਵਾ ਨੇ 14 ਜੁਲਾਈ ਨੂੰ 8 ਨਾਮਵਰ ਅਤੇ ਬਾਕੀ ਅਣਪਛਾਤਿਆਂ ਖਿਲਾਫ ਡੀਜੀਪੀ ਅਤੇ ਐਸਐਸਪੀ ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਸੀ।ਚੰਡੀਗੜ੍ਹ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਐਡਵੋਕੇਟ ਬਾਜਵਾ ਹਾਈਕੋਰਟ ਪਹੁੰਚੇ ਸੀ।
ਦਰਅਸਲ, 13 ਜੁਲਾਈ ਨੂੰ ਸੈਕਟਰ 39-A ‘ਚ ਵਿਰੋਧੀ ਧਿਰ ਲੀਡਰ (LOP) ਹਰਪਾਲ ਸਿੰਘ ਚੀਮਾ ਦੀ ਕੋਠੀ ਵਿੱਚ ਪੰਜਾਬੀ ਗਾਇਕਾ ਨੂੰ ਪਾਰਟੀ ਜੁਆਇੰਨ ਕਰਵਾਉਣ ਲਈ ਇਕੱਠ ਕੀਤਾ ਗਿਆ ਸੀ।ਅਨਮੋਲ ਗਗਨ ਮਾਨ, ਭਗਵੰਤ ਮਾਨ, ਹਰਪਾਲ ਚੀਮਾ ਸਮੇਤ ਵੱਡੀ ਗਿਣਤੀ ‘ਚ ਪਾਰਟੀ ਵਰਕਰ ਅਤੇ ਲੀਡਰ ਪਹੁੰਚੇ ਸੀ।ਕੋਰੋਨਾ ਕਾਲ ਦੌਰਾਨ ਭਾਰੀ ਇੱਕਠ ਕਰਨ ਤੇ ਮਨਾਹੀ ਦੇ ਬਾਵਜੂਦ ਇਹ ਇੱਕਠ ਕੀਤਾ ਗਿਆ।ਜਿਸ ਤੇ ਹੁਣ ਅਦਾਲਤ ਸਖ਼ਤ ਹੋਈ ਹੈ।