
ਚੰਡੀਗੜ੍ਹ: ਪੰਜਾਬ ਸਿਹਤ ਵਿਭਾਗ (Punjab health dept) ਨੇ ਸੋਮਵਾਰ ਨੂੰ ਆਮ ਲੋਕਾਂ ਲਈ 12 ਸਲਾਹਾਂ ਦੀ ਇੱਕ ਐਡਵਾਈਜ਼ਰੀ (Health advisory) ਜਾਰੀ ਕੀਤੀ ਹੈ, ਕਿਉਂਕਿ ਸੂਬੇ ‘ਚ ਲੋਕਾਂ ਨੂੰ ਕਰਫਿਊ (curfew) ਤੋਂ ਰਾਹਤ ਮਿਲੀ ਹੈ ਤੇ ਹੁਣ 31 ਮਈ ਤੱਕ ਲੌਕਡਾਊਨ 4.0 (Lockdown 4.0) ਦੇ ਨਿਯਮਾਂ ਦਾ ਪਾਲਣ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਬੈਂਕਾਂ, ਨਿੱਜੀ ਉਦਯੋਗਿਕ ਤੇ ਵਪਾਰਕ ਅਦਾਰਿਆਂ ਵਿੱਚ ਸਫਾਈ ਤੇ ਸੈਨੇਟਾਈਜ਼ ਕਰਨ ਲਈ ਸਲਾਹ ਜਾਰੀ ਕੀਤੀ ਗਈ ਹੈ। ਰਿਹਾਇਸ਼ੀ, ਵਪਾਰਕ ਤੇ ਹਸਪਤਾਲ ਕੰਪਲੈਕਸਾਂ ‘ਚ ਏਅਰ ਕੰਡੀਸ਼ਨਰ ਦੀ ਵਰਤੋਂ, ਦੁਕਾਨਾਂ ਤੇ ਪੈਟਰੋਲ ਪੰਪਾਂ ਨੂੰ ਸੈਨੇਟਾਈਜ਼, ਟਰੱਕ ਜਿਨ੍ਹਾਂ ਵਿੱਚ ਮਾਲ ਭੇਜਿਆ ਜਾਂ ਭੇਜਿਆ ਜਾਣਾ ਹੈ, ਉਨ੍ਹਾਂ ਨੂੰ ਵੀ ਸਾਫ ਕਰਨ ਨੂੰ ਕਿਹਾ ਗਿਆ ਹੈ, ਤਾਂ ਜੋ ਕੋਰੋਨਾਵਾਇਰਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਬਜ਼ੁਰਗ ਨਾਗਰਿਕਾਂ ਲਈ ਵਿਸਤ੍ਰਿਤ ਸਲਾਹ ਜਾਰੀ ਕੀਤੀ ਗਈ ਹੈ। ਉਨ੍ਹਾਂ ਨੂੰ ਹਰ ਸਮੇਂ ਘਰ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਨੇੜਲੇ ਰਿਸ਼ਤੇਦਾਰਾਂ ਜਾਂ ਗੁਆਂਢੀਆਂ ਨੂੰ ਬਜ਼ੁਰਗਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਸਲਾਹ ਦਿੱਤੀ ਗਈ ਹੈ।
ਜਨਤਕ ਟ੍ਰਾਂਸਪੋਰਟ ਦੀ ਵਰਤੋਂ ਕਰਦੇ ਸਮੇਂ ਸੰਕਰਮਣ ਨੂੰ ਫੈਲਣ ਤੋਂ ਕਿਵੇਂ ਬਚਣਾ ਹੈ, ਇਸ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦੀ ਇਸ ਸਮੇਂ ਸਿਰਫ 50 ਪ੍ਰਤੀਸ਼ਤ ਸਮਰੱਥਾ ਤੇ ਸਿਰਫ ਫਸੇ ਪ੍ਰਵਾਸੀਆਂ ਤੇ ਹੋਰਾਂ ਲਈ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ।
