
ਜੋਗਾ, 29 ਜੁਲਾਈ (ਸਾਰਾ ਯਹਾਂ/ਗੋਪਾਲ ਅਕਲੀਆ)-ਸੂਬੇ ਭਰ ਦੀਆ ਹੋਰਨਾਂ ਜਥੇਬੰਦੀਆ ਦੇ ਨਾਲ-ਨਾਲ ਪੰਚਾਇਤ ਯੂਨੀਅਨ ਦੀ ਹੱਕੀ ਮੰਗਾਂ ਦਾ ਹੱਲ ਜਲਦ ਕਰੇ ਸਰਕਾਰ। ਇਹ ਗੱਲ ਪੰਜਾਬ ਪੰਚਾਇਤ ਯੂਨੀਅਨ ਬਲਾਕ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਨੇ ਕਹੀ। ਪ੍ਰਧਾਨ ਜਗਦੀਪ ਸਿੰਘ ਬੁਰਜ ਢਿੱਲਵਾਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਪੇਂਡੂ ਵਿਕਾਸ ਦੇ ਅਧਿਕਾਰੀਆਂ, ਕਰਮਚਾਰੀਆਂ, ਮਨਰੇਗਾ ਅਤੇ ਦਫ਼ਤਰੀ ਕਲਰਕ ਆਪਣੀ ਹੱਕਾਂ ਮੰਗਾਂ ਲਈ ਹੜਤਾਲ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰ ਰਹੇ ਹਨ, ਜਿਸ ਕਾਰਨ ਪਿੰਡਾਂ ਵਿਕਾਸ ਕਾਰਜ ਅਤੇ ਹੋਰ ਕੰਮ ਠੱਪ ਹੋ ਚੁੱਕੇ ਹਨ ਅਤੇ ਆਮ ਲੋਕਾਂ ਦੇ ਕੰਮ ਵੀ ਰੁਕ ਚੁੱਕੇ, ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਜੋ ਗ੍ਰਾਂਟਾ ਆਈਆ ਹਨ, ਉਹ ਖਰਚਣ ਵਜੋਂ ਅਧੂਰੀਆਂ ਪਈਆਂ ਸਨ ਅਤੇ 15ਵੇਂ ਵਿੱਤ ਕਮਿਸ਼ਨ ਦੀ ਦੂਸਰੀ ਕਿਸ਼ਤ ਵੀ ਰੁਕੀ ਪਈ ਹੈ। ਪ੍ਰਧਾਨ ਜਗਦੀਪ ਸਿੰਘ ਬੁਰਜ ਢਿੱਲਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕਰਦਿਆ ਕਿਹਾ ਕਿ ਪੰਚਾਇਤੀ ਵਿਭਾਗ ਦੀਆਂ ਮੰਗਾਂ ਦਾ ਹੱਲ ਕੱਢ ਕੇ ਉਨ੍ਹਾਂ ਦੀ ਹੜਤਾਲ ਖਤਮ ਕਰਵਾਈ ਜਾਵੇ, ਤਾ ਜੋ ਪਿੰਡਾਂ ਵਿੱਚ ਵਿਕਾਸ ਕੰਮ ਤੇਜ਼ੀ ਨਾਲ ਵਿੱਢੇ ਜਾਣ ਅਤੇ ਇਹ ਵਿਕਾਸ ਕੰਮ ਇਸ ਵਰ੍ਹੇ ਵਿੱਚ ਨੇਪਰੇ ਚੜ੍ਹ ਸਕਣ। ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤ ਯੂਨੀਅਨ ਦੀਆਂ ਮੰਗਾਂ `ਸਰਪੰਚਾ ਦੇ ਢਾਈ ਸਾਲ ਦਾ ਮਾਨ ਭੱਤਾ ਦਿੱਤਾ ਜਾਵੇ, ਆਰ.ਡੀ ਐੱਫ ਦੀ ਰਹਿੰਦੀ ਗ੍ਰਾਂਟ ਢਾਈ ਸਾਲਾਂ, ਨਰੇਗਾ ਦੀ ਪੇਮੈਂਟ ਖਾਤਿਆਂ ਵਿੱਚ ਪਾਈ ਜਾਵੇ, ਪੰਚਾਇਤਾ ਨੂੰ ਦਫ਼ਤਰਾਂ ਵਿੱਚ ਬਣਦਾ ਮਾਨ-ਸਨਮਾਨ ਆਦਿ ਨਾ ਮੰਨੀਆਂ ਗਈਆਂ, ਤਾ ਅਗਸਤ ਦੇ ਪਹਿਲੇ ਹਫ਼ਤੇ ਡੀ.ਸੀ ਦਫ਼ਤਰ ਮਾਨਸਾ ਅੱਗੇ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਬਲਾਕ ਪੰਚਾਇਤ ਯੂਨੀਅਨ ਭੀਖੀ ਦੇ ਪ੍ਰਧਾਨ ਸਰਪੰਚ ਰਾਏ ਸਿੰਘ, ਬਲਾਕ ਬੁਢਲਾਡਾ ਦੇ ਪ੍ਰਧਾਨ ਸਰਪੰਚ ਜਸਵੀਰ ਸਿੰਘ ,ਸਰਪੰਚ ਕੁਲਦੀਪ ਸਿੰਘ , ਸੀਨੀਅਰ ਮੀਤ ਪ੍ਰਧਾਨ ਬਲਾਕ ਮਾਨਸਾ, ਸਰਪੰਚ ਕੁਲਦੀਪ ਸਿੰਘ ਖਾਰਾ, ਸਰਪੰਚ ਗੁਰਤੇਜ ਸਿੰਘ ਭੈਣੀਬਾਘਾ, ਸਰਪੰਚ ਬਿੱਕਰ ਸਿੰਘ ਠੂਠਿਆਂਵਾਲੀ ਆਦਿ ਹਾਜ਼ਰ ਸਨ।
