
ਫਗਵਾੜਾ 05 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਜ਼ਿਲ੍ਹੇ ਦੇ ਪੰਜ ਬਲਾਕਾਂ ਚੋਂ 1589 ਸਰਪੰਚਾਂ ਅਤੇ 5318 ਪੰਚਾਂ ਦੀ ਚੋਣ ਲਈ ਫਾਰਮ ਭਰੇ ਗਏ, ਜਿਸ ਤਹਿਤ ਕੁੱਲ 546 ਪਿੰਡਾਂ ਤੋਂ 1811 ਸਰਪੰਚੀ ਅਤੇ 5953 ਪੰਚੀ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਬਲਾਕਾਂ ਚੋਂ ਸਰਪੰਚ ਅਤੇ ਪੰਚ ਦੀ ਚੋਣ ਲਈ ਭਰੇ ਗਏ ਨਾਮਜ਼ਦਗੀ ਪੱਤਰਾਂ ਅਨੁਸਾਰ ਬਲਾਕ ਕਪੂਰਥਲਾ ਵਿਚ ਸਰਪੰਚੀ ਲਈ 460, ਪੰਚੀ ਲਈ 1480, ਢਿਲਵਾਂ ਬਲਾਕ ਵਿਚ ਸਰਪੰਚੀ ਲਈ 322, ਪੰਚੀ ਲਈ 1055, ਨਡਾਲਾ ਬਲਾਕ ਵਿਚ ਸਰਪੰਚੀ ਲਈ 284, ਪੰਚੀ ਲਈ 1007, ਫਗਵਾੜਾ ਬਲਾਕ ਵਿਚ ਸਰਪੰਚੀ ਲਈ 321, ਪੰਚੀ ਲਈ 1097 ਅਤੇ ਸੁਲਤਾਨਪੁਰ ਲੋਧੀ ਬਲਾਕ ਵਿਚ ਸਰਪੰਚੀ ਲਈ 424 , ਪੰਚੀ ਲਈ 1314 ਨਾਮਜ਼ਦਗੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 15 ਅਕਤੂਬਰ ਨੂੰ ਵੋਟਿੰਗ ਪ੍ਰਕਿਰਿਆ ਹੋਵੇਗੀ। ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ, ਲਾਲਚ, ਭੈਅ ਤੋਂ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਵੱਧ ਚੜ੍ਹ ਕੇ ਵੋਟਿੰਗ ਵਿਚ ਹਿੱਸਾ ਲੈਣ ਤਾਂ ਜੋ ਲੋਕਤੰਤਰ ਦੀ ਮੁਢਲੀਆਂ ਇਕਾਇਆਂ ਪੰਚਾਇਤਾਂ ਦੀ ਸਫਲਤਾਪੂਰਵਕ ਚੋਣ ਨਾਲ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
