
ਮਾਨਸਾ, 23-07-2020 (ਸਾਰਾ ਯਹਾ, ਬਲਜੀਤ ਸ਼ਰਮਾ) : ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚੋਂ
ਜਿ਼ਲ੍ਹਾ ਮਾਨਸਾ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਜਿ਼ਲ੍ਹੇ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕਰਕੇ ਪੜ੍ਹਾਈ ਵਿੱਚ ਵੱਡੀਆ ਮੱਲਾਂ
ਮਾਰੀਆਂ ਹਨ। ਇਨ੍ਹਾਂ ਬੱਚੀਆਂ ਨੂੰ ਉਚੇਚੇ ਤੌਰ ਤੇ ਉਨ੍ਹਾਂ ਦੇ ਮਾਪਿਆਂ ਸਮੇਤ ਆਪਣੇ ਦਫ਼ਤਰ ਬੁਲਾ ਕੇ ਐਸ.ਐਸ.ਪੀ. ਮਾਨਸਾ ਵੱਲੋਂ
ਮਠਿਆਈ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਇਨ੍ਹਾਂ ਬੱਚੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਹੈ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ
ਵੱਲੋਂ 12ਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਜੇਵਾਲਾ ਦੀਆਂ ਵਿਦਿਆਰਥਣਾਂ
ਜਸਪਰੀਤ ਕੌਰ ਅਤੇ ਅਮਨਦੀਪ ਕੌਰ ਨੇ ਕੁੱਲ 450 ਅੰਕਾਂ ਵਿੱਚੋਂ ਕ੍ਰਮਵਾਰ 448/445 ਅੰਕ ਪ੍ਰਾਪਤ ਕਰਕੇ ਮਾਨਸਾ ਜਿ਼ਲ੍ਹੇ ਵਿੱਚੋਂ
ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ ਅਤੇ ਪੂਰੇ ਪੰਜਾਬ ਵਿੱਚੋ ਵੀ ਇਨ੍ਹਾਂ ਬੱਚੀਆਂ ਨੇ ਮੋਹਰੀ ਰਹਿਣ ਦਾ ਨਾਮਣਾ ਖੱਟਿਆ ਹੈ।
ਵਿਦਿਆਰਥਣ ਜਸਪਰੀਤ ਕੌਰ ਦਾ ਕਹਿਣਾ ਹੈ ਕਿ ਉਹ ਪੜ੍ਹ-ਲਿਖ ਕੇ ਅੰਗਰੇਜ਼ੀ ਦੀ ਲੈਕਚਰਾਰ ਬਣਕੇ ਬੱਚਿਆਂ ਦਾ ਭਵਿੱਖ
ਉਜਵਲ ਕਰਨਾ ਚਾਹੁੰਦੀ ਹੈ, ਜਦੋਕਿ ਅਮਨਦੀਪ ਕੌਰ ਵੀ ਪੜ੍ਹ-ਲਿਖ ਕੇ ਅਫਸਰ ਬਣਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ
ਹੈ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਇਹ ਹੋਣਹਾਰ ਬੱਚੀਆਂ ਜਿੰਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਇਹ
ਮੁਕਾਮ ਹਾਸਲ ਕੀਤਾ ਹੈ, ਇਨ੍ਹਾਂ ਬੱਚੀਆਂ ਦੇ ਸਮਝਦਾਰ ਮਾਪੇ ਜਿਨ੍ਹਾਂ ਨੇ ਇਨ੍ਹਾਂ ਬੱਚੀਆਂ ਨੂੰ ਜਨਮ ਦੇ ਕੇ ਅੱਛੀ ਵਿੱਦਿਆ ਹਾਸਲ
ਕਰਨ ਲਈ ਪ੍ਰੇਰਿਤ ਕੀਤਾ ਹੈ ਅਤੇ ਇਹਨਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਜਿਨ੍ਹਾਂ ਦੀ ਮਿਹਨਤ ਸਦਕਾ ਇਨ੍ਹਾਂ ਬੱਚੀਆਂ ਨੇ ਇਹ
ਮੁਕਾਮ ਹਾਸਲ ਕੀਤਾ, ਸਾਰੇ ਹੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀ ਕਰਨ ਵਾਲੇ
ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਨੀ ਜ਼ਰੂਰੀ ਹੈ, ਇਸ ਨਾਲ ਜਿੱਥੇ ਉਨ੍ਹਾਂ ਅੰਦਰ ਹੋਰ ਅੱਗੇ ਵਧਣ ਦਾ ਜਜ਼ਬਾ ਪੈਦਾ ਹੁੰਦਾ ਹੈ, ਉੱਥੇ
ਹੀ ਹੋਰਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ।ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਅਜਿਹੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ ਹਮੇਸ਼ਾ ਤਤਪਰ
ਰਹਿੰਦੀ ਹੈ। ਮਾਨਸਾ ਪੁਲਿਸ ਕਾਮਨਾ ਕਰਦੀ ਹੈ ਕਿ ਇਹ ਬੱਚੀਆਂ ਆਪਣੀ ਅੱਗੇ ਦੀ ਪੜ੍ਹਾਈ ਹੋਰ ਸਖਤ ਮਿਹਨਤ ਤੇ ਲਗਨ ਨਾਲ
ਕਰਕੇ ਆਪਣਾ ਅਤੇ ਆਪਣੇ ਪਿੰਡ/ਇਲਾਕੇ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਸ੍ਰੀ ਹਰਜਿੰਦਰ ਸਿੰਘ, ਪੀ.ਪੀ.ਐਸ. ਉਪ ਕਪਤਾਨ
ਪੁਲਿਸ (ਸ:ਡ:) ਮਾਨਸਾ ਅਤੇ ਦੋਨਾਂ ਬੱਚੀਆਂ ਦੇ ਮਾਪੇ ਹਾਜ਼ਰ ਸਨ।
