ਮਾਨਸਾ, 09 ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ): ਸੀ.ਬੀ.ਐਸ.ਸੀ. ਨਾਲ ਐਫੀਲੇਟਡ ਸਕੂਲਾਂ ਵਿਚ ਪ੍ਰੈਕਟੀਕਲ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਹਨ। ਇਸ ਲਈ ਉਕਤ ਪ੍ਰੀਖਿਆ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜਿ਼ਲ੍ਹਾ ਮਾਨਸਾ ਵਿਚ ਪ੍ਰੈਕਟੀਕਲ ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ 5 ਅਪ੍ਰੈਲ 2021 ਤੋਂ 10 ਅਪ੍ਰੈਲ 2021 ਤੱਕ ਸੀ.ਬੀ.ਐਸ.ਸੀ. ਨਾਲ ਐਫੀਲੇਟਡ ਸਕੂਲਾਂ ਨੂੰ ਬੰਦ ਕਰਨ ਸਬੰਧੀ ਜਾਰੀ ਹੁਕਮਾਂ ਤੋਂ ਛੋਟ ਦਿੱਤੀ ਗਈ ਸੀ ਪ੍ਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕਰਨ ਦੇ ਹੁਕਮ 30 ਅਪ੍ਰੈਲ 2021 ਤੱਕ ਵਧਾ ਦਿੱਤੇ ਗਏ ਹਨ।
ਇਸ ਦੇ ਮੱਦੇਨਜ਼ਰ ਹੁਕਮ ਜਾਰੀ ਕਰਦਿਆਂ ਜਿ਼ਲ੍ਹਾ ਮੈਜਿਸਟਰੇਟ—ਕਮ—ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਵੱਲੋਂ ਇਸ ਹੁਕਮ ਦੀ ਮਿਆਦ 30 ਅਪ੍ਰੈਲ 2021 ਤੱਕ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਸਕੂਲ ਪ੍ਰੀਖਿਆਵਾਂ ਦੀ ਡੇਟਸ਼ੀਟ/ਸ਼ਡਿਊਲ ਸਕੂਲਾਂ ਦੇ ਨੋਟਿਸ ਬੋਰਡਾਂ *ਤੇ ਲਗਾਉਣ ਦੇ ਪਾਬੰਦ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਸਕੂਲ ਦੇ ਪ੍ਰਬੰਧਕਾਂ, ਪ੍ਰਿੰਸੀਪਲਾਂ, ਮੁਖੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਪ੍ਰੀਖਿਆਵਾਂ ਦੌਰਾਨ ਕੋਵਿਡ—19 ਨਾਲ ਸਬੰਧਤ ਕੇਂਦਰ/ਰਾਜ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਸਮਾਜਿਕ ਦੂਰੀ, ਸੈਨੀਟਾਈਜੇਸ਼ਨ ਆਦਿ ਦਾ ਢੁਕਵਾਂ ਪ੍ਰਬੰਧ ਆਪਣੇ ਪੱਧਰ *ਤੇ ਕਰਨਾ ਯਕੀਨੀ ਬਣਾਇਆ ਜਾਵੇ।