
ਫਗਵਾੜਾ 19 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਵਿਸ਼ੇਸ਼ ਉਪਰਾਲੇ ਨਾਲ ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਸਥਾਨਕ ਖੇੜਾ ਰੋਡ ’ਤੇ ਸਬਜ਼ੀਆਂ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਮੁਹੱਲਾ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ, ਗੁਰੂ ਨਾਨਕ ਪੁਰਾ ਅਤੇ ਖੇੜਾ ਰੋਡ ਦੇ ਵਸਨੀਕਾਂ ਨੂੰ ਮੁਫ਼ਤ ਸਬਜ਼ੀਆਂ ਵੰਡੀਆਂ ਗਈਆਂ। ਮਲਕੀਅਤ ਸਿੰਘ ਰਘਬੋਤਰਾ ਨੇ ਹਰੀਆਂ ਸਬਜ਼ੀਆਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਲਈ ਪ੍ਰੇਰਿਤ ਕਰਨਾ ਹੈ। ਕਿਉਂਕਿ ਹਰੀਆਂ ਸਬਜ਼ੀਆਂ ਵਿਟਾਮਿਨ, ਪ੍ਰੋਟੀਨ ਅਤੇ ਖਣਿਜਾਂ ਦਾ ਭੰਡਾਰ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਹਰ ਮਹੀਨੇ ਇੱਕ ਵਾਰ ਕੀਤਾ ਜਾਂਦਾ ਹੈ। ਉਨ੍ਹਾਂ ਇਸ ਸੇਵਾ ਨੂੰ ਲਗਾਤਾਰ ਜਾਰੀ ਰੱਖਣ ਦੀ ਗੱਲ ਵੀ ਕਹੀ। ਸਬਜ਼ੀਆਂ ਵੰਡਣ ਦੀ ਸੇਵਾ ਸੁਸਾਇਟੀ ਮੈਂਬਰ ਮਲਕੀਅਤ ਸਿੰਘ ਰਘਬੋਤਰਾ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਵਿਜੇ ਕੁਮਾਰ ਵਲੋਂ ਨਿਭਾਈ ਗਈ। ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ।
