*ਪ੍ਰਿੰਸੀਪਲ ਵੱਲੋਂ ਅਧਿਆਪਕਾਂ ਤੇ ਕੀਤੇ ਜਾਨਲੇਵਾ ਹਮਲੇ ਦੀ ਸਖ਼ਤ ਨਿੰਦਾ*

0
87

ਮਾਨਸਾ 01ਮਈ  (ਸਾਰਾ ਯਹਾਂ/ਬੀਰਬਲ ਧਾਲੀਵਾਲ):ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਕਲਾਂ ਸਕੂਲ ਦੇ ਪ੍ਰਿੰਸੀਪਲ ਵਲੋਂ ਆਮ ਬਦਲੀਆਂ ਅਧੀਨ ਇਸ ਸਕੂਲ ਵਿੱਚੋਂ ਬਦਲੀ ਕਰਵਾ ਚੁੱਕੇ ਹਿੰਦੀ ਅਧਿਆਪਕ ਜਗਪ੍ਰੀਤ ਸਿੰਘ ਤੇ ਕੀਤੇ ਜਾਨਲੇਵਾ ਹਮਲੇ ਨੂੰ ਸਿੱਖਿਆ ਜਗਤ ਲਈ ਨਮੋਸ਼ੀ ਭਰਪੂਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ , ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਮਾਖਾ, ਜਨਰਲ ਸਕੱਤਰ ਗੁਰਦਾਸ ਸਿੰਘ ਰਾਏਪੁਰ ਨੇ ਕਿਹਾ ਕਿ ਸਕੂਲ ਮੁਖੀ ਵੱਲੋਂ ਅਧਿਆਪਕ ਤੋਂ ਰੀਲੀਵ ਕਰਨ ਬਦਲੇ ਦਸ ਹਜਾਰ ਰੁਪਏ ਦੀ ਮੰਗ ਕੀਤੀ ਗਈ ਅਤੇ ਅਧਿਆਪਕ ਵੱਲੋਂ ਰਾਸ਼ੀ ਨਾ ਦੇਣ ਤੇ ਪ੍ਰਿੰਸੀਪਲ ਵੱਲੋਂ ਅਧਿਆਪਕ ਤੇ ਜਾਨਲੇਵਾ ਹਮਲਾ ਕੀਤਾ ਗਿਆ। ਪ੍ਰਿੰਸੀਪਲ ਵੱਲੋਂ ਅਧਿਆਪਕ ਦੇ ਥੱਪੜ ਮਾਰਨ ਅਤੇ ਉਸ ਦੀ ਪੱਗ ਉਤਾਰਨ ਨੂੰ ਗੈਰ ਜਿੰਮੇਵਾਰ ਅਤੇ ਗੈਰ ਸੰਵਿਧਾਨਿਕ ਕਾਰਵਾਈ ਕਰਾਰ ਦਿੱਤਾ। ਬਲਵਿੰਦਰ ਉੱਲਕ, ਗੁਰਪ੍ਰੀਤ ਦਲੇਲਵਾਲਾ ਨੇ ਕਿਹਾ ਕਿ ਮਚਾਕੀ ਕਲਾਂ ਸਕੂਲ ਵਿੱਚ ਵਾਪਰੀ ਇਸ ਘਟਨਾ ਕਾਰਨ ਸਮੁੱਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਹੈ।

ਉਹਨਾਂ ਅੱਗੇ ਕਿਹਾ ਕਿ ਲੰਬੇ ਸਮੇਂ ਤੋਂ ਪ੍ਰਿੰਸੀਪਲ ਵੱਲੋਂ ਆਨੇ-ਬਹਾਨੇ ਇਸ ਸਕੂਲ ਦੇ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪੀੜਤ ਅਤੇ ਜਲੀਲ ਕੀਤਾ ਜਾਂਦਾ ਹੈ। ਇਸ ਸਬੰਧੀ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਪ੍ਰਿੰਸੀਪਲ ਖਿਲਾਫ ਲਿਖਤੀ ਸ਼ਿਕਾਇਤ ਉੰਚ ਅਧਿਕਾਰੀਆਂ ਨੂੰ  ਭੇਜੀ ਜਾ ਚੁੱਕੀ ਹੈੈ। ਆਗੂਆਂ ਨੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪ੍ਰਿੰਸੀਪਲ ਖਿਲਾਫ ਉੱਚ ਪੱਧਰੀ ਨਿਰਪੱਖ ਪੜਤਾਲ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਅਧਿਆਪਕ ਨੂੰ ਇਨਸਾਫ ਦਿੱਤਾ ਜਾਵੇ।ਇਸ ਮੌਕੇ ਸਤੀਸ਼ ਕੁਮਾਰ, ਲਖਵਿੰਦਰ ਮਾਨ, ਹਰਦੀਪ ਸਿੰਘ, ਦਰਸ਼ਨ ਜਟਾਣਾ, ਪ੍ਰਗਟ ਸਿੰਘ ਰਿਉਂਦ, ਵਿਜੈ ਕੁਮਾਰ, ਅਨਿਲ ਕੁਮਾਰ, ਸੁਖਜਿੰਦਰ ਅਗਰੋਈਆ, ਸੁਖਦੀਪ ਗਿੱਲ, ਬੂਟਾ ਸਿੰਘ ਅਤੇ ਸਹਿਦੇਵ ਸਿੰਘ ਹਾਜ਼ਰ ਸਨ।

NO COMMENTS