ਪ੍ਰਾਈਵੇਟ ਲੈਬੋਟਰੀਆਂ ‘ਚ ਕੋਰੋਨਾ ਦੀ ‘ਨੈਗੇਟਿਵ-ਪੌਜ਼ੇਟਿਵ’ ਖੇਡ ਨੇ ਉਲਝਾਏ ਅੰਮ੍ਰਿਤਸਰੀਏ

0
31

ਅੰਮ੍ਰਿਤਸਰ: ਇੱਥੇ ਦੀ ਪ੍ਰਾਈਵੇਟ ਲੈਬਾਂ ਵੱਲੋਂ ਕਥਿਤ ਤੌਰ ‘ਤੇ ਕੋਰੋਨਾਵਾਇਰਸ ਦੇ ਨਾਂ ‘ਤੇ ਕੀਤੀ ਜਾ ਰਹੀ ਲੁੱਟ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਇਸ ਸਬੰਧੀ ਕਾਰਵਾਈ ਲਈ ਲੋਕਾਂ ਵੱਲੋਂ ਲਗਾਤਾਰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਬੇਸ਼ੱਕ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਕਿਸਮ ਦੀ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਗਿਆ ਪਰ ਫਿਰ ਵੀ ਪੰਜਾਬ ਸਰਕਾਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਇਸ ਗੱਲ ਦਾ ਭਰੋਸਾ ਦੇ ਰਹੇ ਹਨ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਨ੍ਹਾਂ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਬੁੱਧਵਾਰ ਨੂੰ ਅੰਮ੍ਰਿਤਸਰ ਦੇ ਰਹਿਣ ਵਾਲੇ ਅਦਿੱਤਿਆ ਦੱਤਾ ਉਰਫ ਵਿੱਕੀ ਦੱਤਾ ਨਾਂ ਦੇ ਵਿਅਕਤੀ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਕੋਲ ਆਪਣੀ ਸ਼ਿਕਾਇਤ ਲਿਖਤੀ ਤੌਰ ‘ਤੇ ਦਿੱਤੀ। ਉਨ੍ਹਾਂ ਸ਼ਿਕਾਇਤ ‘ਚ ਕਿਹਾ ਕਿ ਉਸ ਦੇ ਸਹੁਰਾ ਨੰ ਕੋਰੋਨਾ ਦੇ ਟੈਸਟ ਨਿੱਜੀ ਲੈਬ ਤੋਂ ਕਰਵਾਏ, ਜਿਸ ਤੋਂ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਪਾਏ ਜਾਣ ਤੇ ਉਨ੍ਹਾਂ ਨੂੰ ਤਾਂ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੇ ਸੰਪਰਕ ਵਿੱਚ ਆਈ ਉਨ੍ਹਾਂ ਦੀ ਪਤਨੀ ਤੇ ਤਿੰਨ ਹੋਰ ਲੋਕਾਂ ਵੀ ਕਰੋਨਾ ਵਾਇਰਸ ਦੇ ਨਿੱਜੀ ਲੈਬ ਤੋਂ ਟੈਸਟ ਕਰਵਾਏ ਗਏ ਜਿਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆਉਣ ‘ਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਤੁਰੰਤ ਦਾਖਲ ਕਰਵਾਇਆ ਗਿਆ।

ਇਸ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਦੀ ਪਤਨੀ ਦੀ ਸਰਕਾਰੀ ਰਿਪੋਰਟ ਆਈ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਅਦਿੱਤਿਆ ਮੁਤਾਬਕ ਉਨ੍ਹਾਂ ਦੀ ਪਤਨੀ ਪ੍ਰੀਤੀ ਦੱਤਾ ਦੀ ਸਰਕਾਰੀ ਕੋਰੋਨਾ ਰਿਪੋਰਟ ਨੈਗਟਿਵ ਆਈ ਜਦੋਂਕਿ ਹਸਪਤਾਲ ਵੱਲੋਂ ਉਸ ਨੂੰ ਆਈਸੋਲੇਸ਼ਨ ਵਾਰਡ ਵਿੱਚ ਬਾਕੀ ਕੋਵਿਡ-19 ਦੇ ਮਰੀਜ਼ਾਂ ਦੇ ਨਾਲ ਭਰਤੀ ਕੀਤਾ ਗਿਆ। ਹੁਣ ਵਿੱਕੀ ਦੱਤਾ ਨੇ ਦੋਸ਼ ਲਾਇਆ ਕਿ ਨਿੱਜੀ ਲੈਬੋਰਟਰੀਆਂ ਤੇ ਹਸਪਤਾਲਾਂ ਵਾਲੇ ਲੋਕਾਂ ਨੂੰ ਸ਼ਰੇਆਮ ਲੁੱਟ ਰਹੇ ਹਨ।

ਵਿੱਕੀ ਦੱਤਾ ਨੇ ਕਿਹਾ ਕਿ ਇਸ ਕਰਕੇ ਸਾਨੂੰ ਮਾਨਸਿਕ ਪੀੜਾ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਸਾਡੇ ਕੋਲੋਂ ਨਿੱਜੀ ਲੈਬ ਤੇ ਹਸਪਤਾਲ ਵਾਲਿਆਂ ਨੇ ਇਲਾਜ ਲਈ ਕਾਫ਼ੀ ਰਕਮ ਵਸੂਲ ਕੀਤੀ। ਵਿੱਕੀ ਦੱਤਾ ਨੇ ਅੱਜ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ, ਦੂਜੇ ਪਾਸੇ ਇਸ ਸਬੰਧੀ ਜਦੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਕੋਲ ਆਇਆ ਜ਼ਰੂਰ ਹੈ ਪਰ ਉਹ ਇਸ ‘ਤੇ ਕਾਰਵਾਈ ਉਦੋਂ ਹੀ ਕਰਨਗੇ ਜਦੋਂ ਇਸ ਸਬੰਧੀ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਕਾਨੂੰਨੀ ਕਾਰਵਾਈ ਕਰਨ ਲਈ ਕਹੇਗਾ।

LEAVE A REPLY

Please enter your comment!
Please enter your name here