ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਟੀਕਾਕਰਨ ਕਾਰਜਨੀਤੀ ਮੁੜ ਵਿਚਾਰਨ ਲਈ ਆਖਿਆ

0
41

ਚੰਡੀਗੜ੍ਹ, 17 ਮਾਰਚ (ਸਾਰਾ ਯਹਾਂ /ਮੁੱਖ ਸੰਪਾਦਕ) : ਸੂਬੇ ਵਿਚ ਕੋਵਿਡ ਕੇਸਾਂ ਦੀ ਗਿਣਤੀ ਵਧ ਕੇ 12,616 ਹੋ ਜਾਣ ਅਤੇ ਰੋਜ਼ਾਨਾ ਪਾਜ਼ੇਟਿਵਿਟੀ ਦਰ 5 ਫੀਸਦੀ ਤੋਂ ਟੱਪ ਜਾਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਆਪਣੀ ਟੀਕਾਕਰਨ ਕਾਰਜਨੀਤੀ ਮੁੜ ਵਿਚਾਰਨ ਦੀ ਅਪੀਲ ਕੀਤੀ ਤਾਂ ਕਿ ਚੋਣਵੇਂ ਖੇਤਰਾਂ ਵਿਚ ਹਰੇਕ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਸਕੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਸ ਸਮੱਸਿਆ ਨਾਲ ਨਿਪਟਣ ਲਈ ਸਖ਼ਤ ਨੀਤੀ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ, ਜੱਜਾਂ, ਬੱਸ ਡਰਾਈਵਰਾਂ ਤੇ ਕੰਡਕਟਰਾਂ, ਪੰਚਾਂ/ਸਰਪੰਚਾਂ, ਮੇਅਰ/ਨਗਰ ਕੌਂਸਲਾਂ ਦੇ ਪ੍ਰਧਾਨਾਂ/ਕੌਂਸਲਰਾਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਆਦਿ ਲਈ ਪੇਸ਼ਾ ਅਧਾਰਿਤ ਟੀਕਾਕਰਨ ਲਈ ਆਖਿਆ ਤਾਂ ਕਿ ਅਹਿਮ ਗਤੀਵਿਧੀਆਂ ਆਮ ਵਾਂਗ ਚਲਾਉਣ ਅਤੇ ਕਰੋਨਾ ਫੈਲਾਉਣ ਵਾਲਿਆਂ ਨੂੰ ਰੋਕਣ ਲਈ ਰਾਹ ਪੱਧਰਾ ਹੋ ਸਕੇ। ਉਨ੍ਹਾਂ ਨੇ ਅਦਾਲਤਾਂ ਵੀ ਛੇਤੀ ਖੋਲ੍ਹਣ ਦੀ ਵਕਾਲਤ ਕੀਤੀ ਤਾਂ ਕਿ ਨਾਗਰਿਕਾਂ ਲਈ ਇਨਸਾਫ ਦੀ ਉਡੀਕ ਖਤਮ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲ ਅਤੇ ਕਾਲਜ ਵੀ ਛੇਤੀ ਖੋਲ੍ਹਣ ਦੀ ਪੈਰਵੀ ਕੀਤੀ ਤਾਂ ਕਿ ਸਿੱਖਿਆ ਦੇ ਰੂਪ ‘ਚ ਗਰੀਬ ਅਤੇ ਪ੍ਰਭਾਵੀ ਪਰਿਵਾਰਾਂ ਦਰਮਿਆਨ ਫਰਕ ਮੇਟਿਆ ਜਾ ਸਕੇ।
ਮੁੱਖ ਮੰਤਰੀ ਨੇ ਕੋਵਿਡ ਤੋਂ ਬਚਾਅ, ਵੱਡੀ ਪੱਧਰ ‘ਤੇ ਸਮਾਜਿਕ ਤੇ ਧਾਰਮਿਕ ਇਕੱਠ ਅਤੇ ਸਕੂਲਾਂ, ਕਾਲਜਾਂ ਨੂੰ ਆਮ ਵਾਂਗ ਖੋਲ੍ਹਣ ਦੇ ਯਤਨਾਂ ਵਿਚ ਢਿੱਲ ਵਰਤਣ ਕਰਕੇ ਕੇਸ ਵਧਣ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਨੌਜਵਾਨ ਆਬਾਦੀ ਵਿਚ ਵੱਡੀ ਪੱਧਰ ‘ਤੇ ਪਾਜ਼ੇਟਿਵ ਕੇਸ ਦੇਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਥਿਤੀ ਚਿੰਤਾਜਨਕ ਬਣ ਰਹੀ ਹੈ ਕਿਉਂਕਿ ਸੋਮਵਾਰ ਨੂੰ ਸੂਬੇ ਵਿਚ ਕੁੱਲ 1475 ਕੇਸ ਸਾਹਮਣੇ ਆਏ ਅਤੇ 38 ਮੌਤਾਂ ਹੋਈਆਂ ਸਨ ਅਤੇ ਬੀਤੇ ਦਿਨ 1843 ਕੇਸ ਸਾਹਮਣੇ ਆਏ ਅਤੇ 43 ਮੌਤਾਂ ਹੋਈਆਂ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ, ”ਅਸੀਂ ਨੀਤੀ ਬਣਾ ਰਹੇ ਹਾਂ, ਅਸੀਂ ਭਲਕ ਤੋਂ ਸਖ਼ਤੀ ਵਰਤਾਂਗੇ।”
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਗਈ ਵਰਚੂਅਲ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ ਕੋਈ ਵੀ ਇਲਾਕਾ, ਜਿੱਥੇ ਹਫਤਾਵਰੀ ਟੈਸਟਿੰਗ ਦੌਰਾਨ ਪਾਜ਼ੇਟੀਵਿਟੀ ਦਰ ਦੁਗੱਣੀ ਹੁੰਦੀ ਹੈ, ਵਿਚ ਹਰੇਕ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਲਈ ਤੁਰੰਤ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਹਰੇਕ ਪੜਾਅ ਵਿਚ ਆਬਾਦੀ ਦੇ ਇੱਕ ਛੋਟੇ ਵਰਗ ਦੇ ਟੀਕਾਕਰਨ ਕੀਤੇ ਜਾਣ ਦੇ ਪੜਾਵਾਂ ਨਾਲੋਂ ਬਿਹਤਰ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਜਨਵਰੀ ਵਿਚ ਰੋਜ਼ਾਨਾ ਦੀ ਪਾਜ਼ੇਟੀਵਿਟੀ ਦਰ ਇਕ ਫੀਸਦੀ ਤੋਂ ਘੱਟ ਸੀ ਜੋ ਕਿ ਮਾਰਚ ਵਿਚ 5 ਫੀਸਦੀ ਤੋਂ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 54 ਲੱਖ ਟੈਸਟ ਕੀਤੇ ਗਏ ਹਨ ਜਿਸ ਵਿੱਚੋਂ 1.99 ਲੱਖ ਪਾਜ਼ੇਟਿਵ ਕੇਸ ਪਾਏ ਗਏ ਅਤੇ ਇਸ ਵਾਇਰਸ ਨਾਲ ਹੁਣ ਤੱਕ 6099 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੁੱਖ ਮੰਤਰੀ ਨੇ ਇਸ ਗੱਲ ਦੀ ਸਿਫਾਰਸ਼ ਕੀਤੀ ਕਿ ਚੋਣਵੇਂ ਖੇਤਰਾਂ ਵਿੱਚ ਸਮੁੱਚੀ ਵਸੋਂ ਨੂੰ ਕਵਰ ਕਰਨ ਤੋਂ ਇਲਾਵਾ ਸੂਬੇ ਵਿੱਚ ਗੁਰਦੇ ਅਤੇ ਜਿਗਰ ਦੀਆਂ ਸਹਿ-ਬਿਮਾਰੀਆਂ ਵਾਲੇ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਕਵਰ ਕਰਨਾ ਚਾਹੀਦਾ ਹੈ ਕਿਉਂ ਜੋ ਪੰਜਾਬ ਵਿਚ ਦੂਜਾ ਸਿਖਰ ਜਾਰੀ ਹੈ ਜੋ ਕਿ ਫਰਵਰੀ-2021 ਦੇ ਮੱਧ ਵਿੱਚ ਸ਼ੁਰੂ ਹੋਇਆ ਹੈ।
ਵਾਇਰਸ ਦੇ ਨਵੇਂ ਰੂਪ ਦੀ ਭੂਮਿਕਾ ਬਾਰੇ ਅਸਪੱਸ਼ਟਤਾ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਵਾਇਰਲ ਸਬੰਧੀ ਤਰਤੀਬ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਖਾਸ ਕਰਕੇ ਪੰਜਾਬ ਵਿੱਚ ”ਜਿੱਥੇ ਹੁਣ 50 ਫੀਸਦੀ ਤੋਂ ਵੱਧ ਕੇਸ 40 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਸਾਨੂੰ ਤੁਰੰਤ ਸਮੀਖਿਆ ਕਰਨ ਦੀ ਲੋੜ ਹੈ ਕਿ ਇਹ ਕਿਤੇ ਪਰਿਵਰਤਨ ਦਾ ਕਾਰਨ ਤਾਂ ਨਹੀਂ ਹਨ।” ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਸਬੰਧੀ ਸੂਬੇ ਨੇ ਵੱਡੀ ਗਿਣਤੀ ਵਿੱਚ ਸੈਂਪਲ ਭੇਜੇ ਹਨ ਪਰ ਬਹੁਤ ਥੋੜ੍ਹਿਆਂ ਦਾ ਨਤੀਜਾ ਆਇਆ ਹੈ ਜਿਨ੍ਹਾਂ ਵਿੱਚੋਂ ਦੋ ਵਿੱਚ ਪਰਿਵਰਤਨ ਦੀ ਮੌਜੂਦਗੀ ਦਰਸਾਉਂਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਉਂਦਿਆਂ ਕੇਂਦਰ ਕੋਲੋ ਸੂਬਾਈ ਆਫ਼ਤ ਰਾਹਤ ਫੰਡ, ਜੋ ਸੂਬੇ ਕੋਲ ਪਹਿਲਾਂ ਹੀ ਮੌਜੂਦ ਹਨ, ਕੋਵਿਡ ਪ੍ਰਬੰਧਨ ਲਈ ਵਰਤਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਦਾ ਕੇਂਦਰੀ ਗ੍ਰਹਿ ਮੰਤਰਾਲਾ ਇਸ ਦੀ ਤੁਰੰਤ ਪ੍ਰਵਾਨਗੀ ਜਾਰੀ ਕਰੇ।
ਟੀਕਾਕਰਨ ‘ਤੇ ਪ੍ਰਗਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਮੀਟਿੰਗ ਦੌਰਾਨ ਦੱਸਿਆ ਕਿ 50 ਫ਼ੀਸਦੀ ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟ ਲਾਈਨ ਵਰਕਰਾਂ ਨੇ ਕੋਵਿਡ ਟੀਕਾਕਰਨ ਦੀ ਪਹਿਲੀ ਖੁਰਾਕ ਲੈ ਲਈ ਹੈ। ਇਸ ਦੇ ਨਾਲ ਹੀ 60 ਸਾਲ ਤੋਂ ਵੱਧ ਉਮਰ ਅਤੇ 45 ਸਾਲ ਤੋਂ ਵੱਧ ਉਮਰ ਦੇ ਸਹਿ-ਰੋਗਾਂ ਨਾਲ ਪੀੜਤ 1.10 ਲੱਖ ਤੋਂ ਵੱਧ ਆਮ ਲੋਕਾਂ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਇਮਰੀ ਸਿਹਤ ਕੇਂਦਰਾਂ ਦੇ ਪੱਧਰ ਤੱਕ ਦੀਆਂ ਸਾਰੀਆਂ ਜਨਤਕ ਸਿਹਤ ਸੰਸਥਾਵਾਂ ਨੇ ਕੋਵਿਡ ਟੀਕਾਕਰਨ ਕੇਂਦਰਾਂ ਵਜੋਂ ਕੰਮ ਕਰਨਾ ਸੁਰੂ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਇਹ ਸਹੂਲਤ ਉਨ੍ਹਾਂ ਦੇ ਨੇੜੇ ਹੀ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਸਾਰੀਆਂ ਜਨਤਕ ਸਿਹਤ ਸੰਸਥਾਵਾਂ ਵੱਲੋਂ ਹਫਤੇ ਦੇ ਸਾਰੇ 7 ਦਿਨਾਂ ਲਈ ਟੀਕਾਕਰਨ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੋਰ ਨਿੱਜੀ ਸਿਹਤ ਸੰਸਥਾਵਾਂ ਨੂੰ ਕੋਵਿਡ ਟੀਕਾਕਰਨ ਕੇਂਦਰਾਂ ਵਜੋਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਟੀਕਾ ਲਗਵਾਉਣ ਵਾਲੇ ਵਿਅਕਤੀ ਨੂੰ ਬੁਖਾਰ, ਸਰੀਰ ਵਿੱਚ ਹਲਕਾ ਦਰਦ ਜਾਂ ਹੋਰ ਕੋਈ ਤਕਲੀਫ਼ ਹੋਣ ਦੀ ਸਥਿਤੀ ਵਿੱਚ ਪੈਰਾਸੀਟਾਮੋਲ 650 ਐਮ.ਜੀ ਦੀਆਂ 10 ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਕੋਵਿਡ ਅਤੇ ਟੀਕਾਕਰਨ ਸਬੰਧੀ ਅਫ਼ਵਾਹਾਂ ਖ਼ਾਰਜ ਕਰਨ ਲਈ ਮਿਸ਼ਨ ਫ਼ਤਹਿ ਰਾਹੀਂ ਵਿਆਪਕ ਸੋਸ਼ਲ ਮੀਡੀਆ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸੁਝਾਅ ਦਿੱਤਾ ਕਿ ਸੂਬੇ ਵਿੱਚ ਟੀਕਾਕਰਨ ਦੀ ਗਤੀ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਅਤੇ ਵਧੇਰੇ ਕੇਸਾਂ ਵਾਲੇ ਜ਼ਿਲ੍ਹਿਆਂ ਲਈ ਵੱਖਰੀ ਰਣਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ।
ਕੋਵਿਡ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵੱਲੋਂ ਸਮਾਜਿਕ ਇਕੱਠਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਤਹਿਤ ਇਨਡੋਰ ਸਮਾਗਮਾਂ ਲਈ ਵੱਧ ਤੋਂ ਵੱਧ 100 ਅਤੇ ਆਊਟਡੋਰ ਸਮਾਗਮਾਂ ਲਈ 200 ਵਿਅਕਤੀਆਂ ਦੇ ਇੱਕਠ ਨੂੰ ਹੀ ਆਗਿਆ ਦਿੱਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ 9 ਜ਼ਿਲ੍ਹਿਆਂ ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾਇਆ ਗਿਆ ਹੈ, ਜਦੋਂਕਿ ਦੂਜੇ ਜ਼ਿਲ੍ਹਿਆਂ ਨੂੰ ਲਗਾਤਾਰ ਸਥਿਤੀ ਦਾ ਜਾਇਜ਼ਾ ਲੈਣ ਅਤੇ ਉਸ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਆਬਕਾਰੀ ਅਤੇ ਕਰ ਵਿਭਾਗ ਨੂੰ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਰੇ ਹੋਟਲਾਂ, ਰੈਸਟੋਰੈਂਟਾਂ ਅਤੇ ਮੈਰਿਜ ਪੈਲੇਸਾਂ ਵਿਖੇ ਕੋਵਿਡ ਨਿਗਰਾਨ ਨਿਯੁਕਤ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ, ਪੰਜਾਬ ਪੁਲਿਸ ਵੱਲੋਂ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਕਰਨ ਲਈ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ, ਵੱਡੀ ਗਿਣਤੀ ਵਿਚ ਚਲਾਨ ਜਾਰੀ ਕੀਤੇ ਜਾ ਰਹੇ ਹਨ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਸਾਰੇ ਸਕੂਲ ਅਤੇ ਆਂਗਨਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਹਨ, ਜਦਕਿ ਸਿਹਤ ਸੰਭਾਲ ਕਰਮਚਾਰੀਆਂ, ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਹੈ, ਉਨ੍ਹਾਂ ਨੂੰ ਆਪਣੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਫ਼ਤਾਵਾਰੀ ਕੋਵਿਡ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।
ਕੋਵਿਡ ਟੈਸਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਰੋਜ਼ਾਨਾ 30,000 ਤੋਂ ਵੱਧ ਕੋਵਿਡ ਟੈਸਟ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ 90% ਤੋਂ ਵੱਧ ਆਰਟੀ-ਪੀਸੀਆਰ ਅਤੇ 10% ਤੋਂ ਘੱਟ ਰੈਪਿਡ ਐਂਟੀਜੇਨ ਟੈਸਟ (ਆਰਏਟੀ) ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੀ ਪ੍ਰਤੀ ਮਿਲੀਅਨ ਟੈਸਟਿੰਗ ਕੌਮੀ ਔਸਤ ਤੋਂ ਵੱਧ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੀੜਤ ਲੋਕਾਂ ਦੀ ਦੇਖਭਾਲ ਲਈ ਸਾਰੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਸੂਬੇ ਵਿਚ ਕੋਵਿਡ ਮਰੀਜ਼ਾਂ ਲਈ 8,000 ਆਕਸੀਜ਼ਨ ਵਾਲੇ ਬੈੱਡ, 1,500 ਤੋਂ ਵੱਧ ਆਈਸੀਯੂ ਬੈੱਡ ਅਤੇ ਲੈਵਲ -2 ਤੇ ਲੈਵਲ -3 ਦੇ ਲਗਭਗ 800 ਵੈਂਟੀਲੇਟਰ ਮੌਜੂਦ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ 10-15% ਲੈਵਲ -2 ਅਤੇ ਲੈਵਲ-3 ਬੈੱਡ ਹੀ ਮਰੀਜ਼ਾਂ ਦੁਆਰਾ ਵਰਤੇ ਜਾ ਰਹੇ ਹਨ ਅਤੇ ਬਾਕੀ ਸਾਰੇ ਬੈੱਡ ਖਾਲੀ ਹਨ।
ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ ਕਿ ਸੂਬਾ ਸਰਕਾਰ ਨੇ ਪਿਛਲੇ ਇਕ ਸਾਲ ਦੌਰਾਨ ਲਗਭਗ 4,000 ਹੋਰ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਸ਼ਾਮਲ ਕੀਤਾ ਗਿਆ, ਜਿਸ ਵਿੱਚ 500 ਮੈਡੀਕਲ ਅਫਸਰ, 300 ਮਾਹਿਰ ਡਾਕਟਰ, 500 ਨਰਸਾਂ ਅਤੇ ਹੋਰ ਪੈਰਾਮੈਡੀਕਲ ਸਟਾਫ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਦੇ ਪ੍ਰਬੰਧਨ ਲਈ ਲੋੜੀਂਦੀਆਂ ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਹੋਰ ਵਰਤੋਂ ਦੀਆਂ ਚੀਜ਼ਾਂ ਉਪਲਬਧ ਹਨ, ਜਿਸ ਵਿਚ ਰੇਮਿਡੇਜ਼ੀਵਿਰ ਟੀਕਾ ਅਤੇ ਹੋਰ ਐਂਟੀ-ਵਾਇਰਲ ਦਵਾਈਆਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਮਰੀਜ਼ਾਂ ਦੀ ਸ਼ਿਫਟਿੰਗ ਲਈ 25 ਐਡਵਾਂਸਡ ਲਾਈਫ ਸਪੋਰਟ ਅਤੇ 300 ਬੇਸਿਕ ਲਾਈਫ ਸਪੋਰਟ ਐਂਬੂਲੈਂਸਾਂ ਉਪਲਬਧ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਿੱਚ ਮਾਹਿਰਾਂ ਦਾ ਗਰੁੱਪ ਰੋਜ਼ਾਨਾ ਸ਼ਾਮ 7.30 ਵਜੇ ਸਾਰੇ ਲੈਵਲ-2 ਅਤੇ ਲੈਵਲ-3 ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਸਮੀਖਿਆ ਮੀਟਿੰਗਾਂ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਨੂੰ ਦੋ ਹਫਤਿਆਂ ਲਈ ਚੋਣਵੀਆਂ ਸਰਜਰੀਆਂ ਮੁਲਤਵੀ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਕੋਵਿਡ ਮਰੀਜ਼ਾਂ ਲਈ ਵਧੇਰੇ ਬੈੱਡਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।
——-

LEAVE A REPLY

Please enter your comment!
Please enter your name here