
ਚੰਡੀਗੜ੍ਹ 05,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਕਿਸਾਨਾਂ ਦੀ ਹਮਾਇਤ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਸਾਲ ਦਸੰਬਰ ਵਿੱਚ ਆਪਣਾ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰ ਦਿੱਤਾ ਸੀ ਪਰ ਹੁਣ ਸਵਾਲ ਇਹ ਹੈ ਕਿ ਕੀ ਕੇਂਦਰ ਸਰਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੋਂ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਲੈ ਸਕਦੀ ਹੈ ਜਾਂ ਨਹੀਂ? ਇਸ ਲਈ ਰਾਸ਼ਟਰਪਤੀ ਨੇ ਗ੍ਰਹਿ ਵਿਭਾਗ ਨੂੰ ਪੱਤਰ ਵੀ ਭੇਜ ਦਿੱਤਾ ਹੈ।
ਇਸ ਸਬੰਧੀ ਇੱਕ ਆਰਟੀਆਈ ਚੰਡੀਗੜ੍ਹ ਤੋਂ ਰਾਸ਼ਟਰਪਤੀ ਭਵਨ ਵਿੱਚ ਪਾਈ ਗਈ ਸੀ ਜਿਸ ਦੇ ਜਵਾਬ ਵਜੋਂ ਰਾਸ਼ਟਰਪਤੀ ਭਵਨ ਤੋਂ ਜਾਰੀ ਕੀਤੀ ਗਈ ਈਮੇਲ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇਸ ਸਬੰਧੀ ਗ੍ਰਹਿ ਵਿਭਾਗ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਸਾਲ 2015 ਵਿੱਚ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਪਿਛਲੇ ਸਾਲ ਕਿਸਾਨ ਅੰਦੋਲਨ ਦੇ ਚੱਲਦੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਪਦਮ ਵਿਭੂਸ਼ਣ ਵਾਪਸ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਲਈ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਪੱਤਰ ਵੀ ਲਿਖਿਆ ਸੀ। ਫਿਲਹਾਲ ਉਨ੍ਹਾਂ ਕੋਲੋਂ ਇਹ ਪੁਰਸਕਾਰ ਵਾਪਸ ਲਿਆ ਜਾਵੇਗਾ ਜਾਂ ਨਹੀਂ ਇਸ ਤੇ ਫੈਸਲਾ ਗ੍ਰਹਿ ਵਿਭਾਗ ਕਰੇਗਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਲਿਖੇ ਪੱਤਰ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਉਹ ਜੋ ਕੁਝ ਵੀ ਹਨ ਕਿਸਾਨਾਂ ਕਰਕੇ ਹਨ।ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ “ਕਿਸਾਨ ਆਪਣੇ ਹੱਕ ਨੂੰ ਕਾਇਮ ਰੱਖਣ ਲਈ ਕੜਾਕੇ ਦੀ ਠੰਢ ਸੰਘਰਸ਼ ਕਰ ਰਹੇ ਹਨ, ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਸਭਿਆਚਾਰਕ ਆਦਰਸ਼ਾਂ ਦੀ ਪਾਲਣਾ ਕਰਦਿਆਂ, ਕਿਸਾਨਾਂ ਪ੍ਰਤੀ ਮੇਰਾ ਜਨੂੰਨ ਜਿਵੇਂ ਹੈ, ਐਸੇ ਵਿੱਚ ਮੈਨੂੰ ਪਦਮ ਵਿਭੂਸ਼ਣ ਪੁਰਸਕਾਰ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ।”
