*ਪੋਲਿਓ ਦੀ ਬਿਮਾਰੀ ਤੋਂ ਬੱਚਿਆਂ ਦੇ ਬਚਾਅ ਲਈ ਪੋਲਿਓ ਰੋਕੂ ਬੂੰਦਾਂ ਲਾਭਦਾਇਕ-ਵਿਧਾਇਕ ਡਾ. ਵਿਜੈ ਸਿੰਗਲਾ*

0
53

ਮਾਨਸਾ, 8 ਦਸੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਗਈਆਂ, ਜੋ ਬੱਚਿਆਂ ਨੂੰ ਪੋਲਿਓ ਦੀ ਬਿਮਾਰੀ ਤੋਂ ਬਚਾਉਣ ਵਿੱਚ ਲਾਭਦਾਇਕ ਹੁੰਦੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਖਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਵਿਖੇ ਨਿੱਕੇ ਬਾਲਾਂ ਨੂੰ ਪੋਲਿਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣ ਮੌਕੇ ਕੀਤਾ।
ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਪੋਲਿਓ ਦੀ ਬਿਮਾਰੀ ਦੇ ਮੁਕੰਮਲ ਖ਼ਾਤਮੇ ਲਈ ਸਿਹਤ ਵਿਭਾਗ ਵੱਲੋਂ ਪੂਰੇ ਜ਼ਿਲ੍ਹੇ ਅੰਦਰ ਟੀਮਾਂ ਦਾ ਗਠਨ ਕਰਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਇਹ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਉਨ੍ਹਾਂ ਮਾਪਿਆਂ ਅਤੇ ਹੋਰ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 10 ਦਸੰਬਰ 2024 ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਨਿਰਧਾਰਿਤ ਉਮਰ ਦੇ ਹਰ ਬੱਚੇ ਨੂੰ ਇਹ ਪੋਲਿਓ ਰੋਕੂ ਬੂੰਦਾਂ ਪਿਲਾਉਣ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ।
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਤਹਿਤ ਪਹਿਲੇ ਦਿਨ ਬੂਥਾਂ ’ਤੇ 36548 ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਮਾਨਸਾ ਜ਼ਿਲ੍ਹੇ ਵਿੱਚ 72274 ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਦੇ ਟੀਚੇ ਨੂੰ ਪ੍ਰਾਪਤ ਲਈ ਰੈਗੂਲਰ ਬੂਥ 376 ਟੀਮਾਂ ਅਤੇ ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਤੇ ਪੋਲਿਓ ਬੂੰਦਾਂ ਪਿਲਾਉਣ ਲਈ 13 ਟਰਾਂਜਿਟ ਟੀਮਾਂ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਭੱਠਿਆਂ, ਫੈਕਟਰੀਆਂ, ਉਸਾਰੀ ਵਾਲੀਆਂ ਥਾਵਾਂ ਅਤੇ ਝੁੱਗੀਆਂ ਝੋਪੜੀਆਂ ਆਦਿ ਵਿੱਚ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਲਈ 18 ਮੋਬਾਇਲ ਟੀਮਾਂ ਵੀ ਕੰਮ ਕਰ ਰਹੀਆਂ ਹਨ। ਪਲਸ ਪੋਲਿਓ ਦੇ ਇਸ ਸਾਰੇ ਪ੍ਰੋਗਰਾਮ ਲਈ ਪੂਰੇ ਜਿਲ੍ਹੇ ਅੰਦਰ 73 ਸੁਪਰਵਾਈਜਰ ਲਾਏ ਗਏ ਹਨ। ਜ਼ਿਲ੍ਹਾ ਪੱਧਰ ਤੋਂ ਪਲਸ ਪੋਲਿਓ ਦੇ ਪ੍ਰੋਗਰਾਮ ਨੂੰ ਜ਼ਿਲ੍ਹਾ ਟੀਮਾਂ ਦੀ ਮੋਨੀਟਰਿੰਗ ਡਾ. ਨਵੇਦਿਤਾ ਵਾਸੂਦੇਵ ਸਰਵੇਲੈਂਸ ਮੈਡੀਕਲ ਅਫਸਰ ਡਬਲਯੂ.ਐਚ.ਓ. ਵੱਲੋਂ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਮਾਨਸਾ ਡਾ.ਕੰਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਇਸ ਮੁਹਿੰਮ ਦੇ ਦੂਸਰੇ ਅਤੇ ਤੀਸਰੇ ਦਿਨ ਵੀ ਬੱਚਿਆਂ ਨੂੰ ਘਰ-ਘਰ ਜਾ ਕੇ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ, ਤਾਂ ਜੋ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਸਕੇ।
ਇਸ ਉਪਰੰਤ ਰੋਟਰੀ ਕਲੱਬ ਦੇ ਸਹਿਯੋਗ ਨਾਲ ਤਿ੍ਰਵੈਣੀ ਮੰਦਰ ਮਾਨਸਾ ਅਤੇ ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਵਿਖੇ ਛੋਟੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਆਈ.ਐਮ.ਏ. ਦੇ ਜਨਰਲ ਸਕੱਤਰ ਡਾ. ਸ਼ੇਰ ਜੰਗ ਸਿੰਘ ਸਿੱਧੂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here