ਚੰਡੀਗੜ੍ਹ, 20 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਦੇ ਹੁਕਮਾਂ ਅਤੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਕੇ ਸਿਵਾ ਪ੍ਰਸਾਦ ਦੀਆਂ ਹਦਾਇਤਾਂ ਅਨੁਸਾਰ ਸ਼੍ਰੀਮਤੀ ਸਿਮਰਜੋਤ ਕੌਰ, ਕੰਟਰੋਲਰ ਲੀਗਲ ਮੈਟਰੋਲੋਜੀ, ਪੰਜਾਬ ਵੱਲੋਂ ਵੇਟ ਐਂਡ ਮਈਅਰ ਇੰਡਸਟਰੀਅਲ ਐਸੋਸੀਏਸ਼ਨ ਪੰਜਾਬ (ਰਜਿ) ਨਾਲ ਇੱਕ ਮੀਟਿੰਗ ਸਹਾਇਕ ਕੰਟਰੋਲਰ ਲੀਗਲ ਮੈਟਰੋਲੋਜੀ ਪਟਿਆਲਾ ਦੇ ਦਫਤਰ ਵਿੱਚ ਕੀਤੀ ਗਈ।
ਮੀਟਿੰਗ ਵਿੱਚ ਲੀਗਲ ਮੈਟਰੋਲੋਜੀ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਅਤੇ ਕੰਮ ਵਿੱਚ ਆ ਰਹੀਆਂ ਮੁਸ਼ਕਿਲਾਂ ਤੋਂ ਕੰਟਰੋਲਰ ਲੀਗਲ ਮੈਟਰੋਲੋਜੀ ਨੂੰ ਜਾਣੂੰ ਕਰਵਾਇਆ । ਇਸ ਮੌਕੇ ਐਸੋਸੀਏਸਨ ਵੱਲੋਂ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਹਾਲ ਦੀ ਘੜੀ ਫੀਸਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਲੈਣ ਅਤੇ ਹੋਰ ਸੂਬਿਆਂ ਤੋਂ ਬਿਨ੍ਹਾਂ ਬਿੱਲ ਆ ਰਹੇ ਕੰਡਿਆਂ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ, ਜਿਸ ਉਤੇ ਕੰਟਰੋਲਰ ਲੀਗਲ ਮੈਟਰੋਲੋਜੀ ਨੇ ਮੌਕੇ ‘ਤੇ ਹੀ ਫੀਲਡ ਸਟਾਫ ਨੂੰ ਚੈਕਿੰਗਾਂ ਕਰਕੇ ਕਾਰਵਾਈ ਕਰਨ ਦੀਆਂ ਹਦਾਇਤਾਂ ਕੀਤੀਆਂ । ਲਾਇਸੈਂਸਾਂ ਦਾ ਕੰਮ ਆਨਲਾਈਨ ਕਰਨ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਸਬੰਧੀ ਵੀ ਮੌਕੇ ‘ਤੇ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਕੰਟਰੋਲਰ ਸ਼੍ਰੀਮਤੀ ਸਿਮਰਜੀਤ ਕੌਰ ਨੇ ਐਸੋਸੀਏਸ਼ਨ ਨੂੰ ਉਨ੍ਹਾਂ ਦੀਆਂ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿਵਾਉਂਦਿਆਂ ਦੱਸਿਆ ਕਿ ਪੜਤਾਲ ਦਾ ਕੰਮ ਵੀ ਜਲਦ ਹੀ ਆਨਲਾਈਨ ਕੀਤਾ ਜਾ ਰਿਹਾ ਹੈ।
ਮੀਟਿੰਗ ਉਪਰੰਤ ਕੰਟਰੋਲਰ ਲੀਗਲ ਮੈਟਰੋਲੋਜੀ ਵੱਲੋਂ ਟੀਮਾਂ ਬਣਾ ਕੇ ਪਟਿਆਲਾ ਅਤੇ ਮੰਡੀ ਗੋਬਿੰਦਗੜ੍ਹ ਵਿੱਚ ਚੈਕਿੰਗ ਕਰਵਾਈ ਗਈ, ਜਿਸ ਦੌਰਾਨ ਪੈਟਰੋਲ ਪੰਪ, ਹਲਵਾਈਆਂ ਅਤੇ ਹੋਰ ਅਦਾਰਿਆਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਇਹਨਾਂ ਅਦਾਰਿਆਂ ਵਿੱਚ ਊਣਤਾਈਆਂ ਪਾਏ ਜਾਣ ਉਤੇ ਲੀਗਲ ਮੈਟਰੋਲੋਜੀ ਐਕਟ-2009 ਦੀਆਂ ਵੱਖ-ਵੱਖ ਧਰਾਵਾਂ ਤਹਿਤ 8 ਚਲਾਨ ਬੁੱਕ ਕੀਤੇ ਗਏ ।
ਇਸ ਮੌਕੇ ਫੀਲਡ ਸਟਾਫ ਨੂੰ ਕੋਵਿਡ 19 ਦੇ ਮੱਦੇਨਜ਼ਰ ਗਾਹਕਾਂ ਦੇ ਹਿੱਤਾਂ ਦੀ ਰਾਖੀ ਲਈ ਹੋਰ ਮੁਸਤੈਦੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ।