*ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਅਸਰ ਦੁੱਧ ਤੇ ਵੀ.! ਅਮੂਲ ਦੁੱਧ ਹੋਇਆ ਮਹਿੰਗਾ, 2 ਰੁਪਏ ਪ੍ਰਤੀ ਲਿਟਰ ਵਧੀ ਕੀਮਤ*

0
29

ਨਵੀਂ ਦਿੱਲੀ 30,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਸੰਕਟ ਦੌਰਾਨ ਮਹਿੰਗਾਈ ਦਾ ਸਾਹਮਣਾ ਕਰ ਰਹੇ ਆਮ ਆਦਮੀ ‘ਤੇ ਇੱਕ ਹੋਰ ਬੋਝ ਪੈਣ ਵਾਲਾ ਹੈ। ਵੀਰਵਾਰ 1 ਜੁਲਾਈ ਤੋਂ ਅਮੂਲ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ। ਕੱਲ੍ਹ ਤੋਂ ਅਮੂਲ ਦੁੱਧ ਨਵੀਂ ਰੇਟ ਦੇ ਨਾਲ ਦੇਸ਼ ਦੇ ਸਾਰੇ ਰਾਜਾਂ ਵਿੱਚ ਉਪਲਬਧ ਹੋਵੇਗਾ।

ਅਮੂਲ ਦੇ ਸਾਰੇ ਦੁੱਧ ਉਤਪਾਦ ਅਮੂਲ ਗੋਲਡ, ਅਮੂਲ ਸ਼ਕਤੀ, ਅਮੂਲ ਤਾਜ਼ਾ, ਅਮੂਲ ਟੀ-ਸਪੈਸ਼ਲ, ਅਮੂਲ ਸਲਿਮ ਐਂਡ ਟ੍ਰਿਮ ‘ਤੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਮਿਲੇਗਾ। ਯਾਨੀ ਇਕ ਜੁਲਾਈ ਤੋਂ ਅਮੂਲ ਦਾ ਦੁੱਧ ਦਿੱਲੀ, ਐਨਸੀਆਰ, ਗੁਜਰਾਤ, ਮਹਾਰਾਸ਼ਟਰ, ਪੱਛਮੀ ਬੰਗਾਲ ਸਣੇ ਦੂਜੇ ਰਾਜਾਂ ਵਿਚ ਮਹਿੰਗੇ ਭਾਅ ‘ਤੇ ਉਪਲਬਧ ਹੋਵੇਗਾ। ਅਮੂਲ ਵੱਲੋਂ ਤਕਰੀਬਨ ਡੇਢ ਸਾਲ ਮਗਰੋਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।

ਹਾਸਲ ਜਾਣਕਾਰੀ ਅਨੁਸਾਰ ਨਵੀਂ ਕੀਮਤ ਲਾਗੂ ਹੋਣ ਤੋਂ ਬਾਅਦ ਅਮੂਲ ਗੋਲਡ ਦੀ ਕੀਮਤ 58 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਮਹੱਤਵਪੂਰਣ ਗੱਲ ਇਹ ਹੈ ਕਿ ਕੋਰੋਨਾ ਸੰਕਟ ਕਾਰਨ ਪਿਛਲੇ ਡੇਢ ਸਾਲਾਂ ਤੋਂ ਲੋਕਾਂ ਦਾ ਕੰਮ ਬਹੁਤ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ, ਦੇਸ਼ ਦੇ ਕਈ ਹਿੱਸਿਆਂ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿਕ ਰਿਹਾ ਹੈ।

ਇਸ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਪ੍ਰਭਾਵ ਦੁੱਧ ਦੇ ਰੇਟ ‘ਤੇ ਪੈਂਦਾ ਦਿਸ ਰਿਹਾ ਹੈ। ਲਾਕਡਾਉਨ ਤੇ ਅਨਲੌਕ ਦੀ ਪ੍ਰਕਿਰਿਆ ਦੇ ਵਿਚਕਾਰ ਬਾਜ਼ਾਰ ਨਿਰੰਤਰ ਖੁੱਲ੍ਹ ਰਹੇ ਹਨ ਅਤੇ ਬੰਦ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ, ਲੋਕਾਂ ਦੇ ਰੁਜ਼ਗਾਰ ‘ਤੇ ਚੱਲ ਰਹੇ ਸੰਕਟ ਦੇ ਵਿੱਚਕਾਰ ਮਹਿੰਗਾਈ ਇੱਕ ਨਵੀਂ ਚਿੰਤਾ ਦਾ ਵਿਸ਼ਾ ਹੈ।

NO COMMENTS