ਮਾਨਸਾ 078ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ)ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਮਰ ਵੇਲ੍ਹ ਦੀ ਤਰ੍ਹਾਂ ਵਧ ਰਹੀ ਮਹਿੰਗਾਈ,
ਪੈਟਰੋਲ, ਡੀਜਲ, ਰਸੋਈ ਗੈਸ ਅਤੇ ਘਰੇਲੂ ਵਸਤਾਂ ਦੇ ਵਾਧੇ ਦੇ ਖਿਲਾਫ ਪੂਰੇ ਦੇਸ਼ ਦਾ ਅਵਾਮ ਸੜਕਾਂ ਤੇ ਅੰਦੋਲਨ ਕਰਨ
ਲਈ ਮਜਬੂਰ ਹੋ ਰਿਹਾ ਹੈ ਅਤੇ ਦੇਸ਼ ਦਾ ਹਰ ਵਰਗ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਮੰਨ ਕੇ ਸੰਘਰਸ਼ ਵਿੱਚ
ਸਹਿਯੋਗ ਕਰ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ
ਸੂਬਾਈ ਆਗੂ ਹਰਦੇਵ ਸਿੰਘ ਅਰਸ਼ੀ ਨੇ ਮਾਨਸਾ ਕੈਂਚੀਆਂ ਤੇ ਕਿਸਾਨ ਮੋਰਚੇ ਵੱਲੋਂ ਮਹਿੰਗਾਈ ਦੇ ਖਿਲਾਫ ਲਾਏ ਗਏ ਧਰਨੇ
ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਕਾਮਰੇਡ ਅਰਸ਼ੀ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਵਹਿਮ ਅਤੇ ਭਰਮਾਂ ਨੂੰ ਦੂਰ
ਕਰਕੇ ਰੱਖੇ ਕਿ ਕਿਸਾਨ ਬਿਨਾ ਜਿੱਤੇ ਘਰਾਂ ਨੂੰ ਪਰਤਣਗੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ
ਗੁੰਡਾਗਰਦੀ ਅਤੇ ਮੋਰਚੇ ਨੂੰ ਬਦਨਾਮ ਕਰਨ ਲਈ ਹਰ ਚਾਲ ਨੂੰ ਕਮਜੋਰ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਮਜਬੂਤੀ
ਨਾਲ ਕੰਮ ਕਰ ਰਿਹਾ ਹੈ ਅਤੇ ਵਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਲਈ ਪੈਟਰੋਲ, ਡੀਜਲ ਨੂੰ ਜੀ.ਐਸ.ਟੀ. ਦੇ ਘੇਰੇ ਵਿੱਚ
ਲਿਆਉਣ ਦੀ ਵਕਾਲਤ ਕੀਤੀ। ਬੀ.ਕੇ.ਯੂ ਡਕੌਂਦਾ ਦੇ ਮੱਖਣ ਸਿੰਘ ਭੈਣੀਬਾਘਾ, ਪੀ.ਕੇ.ਯੂ. ਦੇ ਗੋਰਾ ਸਿੰਘ ਭੈਣੀਬਾਘਾ,
ਬੀ.ਕੇ.ਯੂ. ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਬੀ.ਕੇ.ਯੂ. ਮਾਨਸਾ ਦੇ ਤੇਜ ਸਿੰਘ ਚਕੇਰੀਆਂ, ਕ੍ਰਾਂਤੀਕਾਰੀ ਕਿਸਾਨ
ਯੂਨੀਅਨ ਪੰਜਾਬ ਦੇ ਭਜਨ ਸਿੰਘ ਘੁੰਮਣ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ, ਬੀ.ਕੇ.ਯੂ. ਕਰਾਂਤੀਕਾਰੀ ਦੇ
ਮੇਜਰ ਸਿੰਘ ਬੁਰਜ ਢਿੱਲਵਾਂ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਕ੍ਰਿਸ਼ਨ ਚੌਹਾਨ ਆਦਿ ਆਗੂਆਂ ਨੇ ਮਹਿੰਗਾਈ ਅਤੇ ਤੇਲ
ਕੀਮਤਾਂ ਦੇ ਵਾਧੇ ਦੇ ਖਿਲਾਫ ਕੇਂਦਰ ਅਤੇ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਇੱਕ ਦੇਸ਼ ਇੱਕ ਟੈਕਸ ਲਾ ਕੇ
ਸਰਕਾਰ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਵੇ ਅਤੇ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਹਰ ਵਰਗ ਨੂੰ ਰਾਹਤ ਦਿੱਤੀ ਜਾ ਸਕੇ।
ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਵਿਰੋਧੀ, ਮਜਦੂਰ ਵਿਰੋਧੀ ਕਿਰਤ ਕਾਨੂੰਨ, ਕਾਲੇ ਕਾਨੂੰਨਾਂ ਸਮੇਤ ਮਹਿੰਗਾਈ ਦੇ ਖਿਲਾਫ
ਸੰਘਰਸ਼ ਨੂੰ ਜਿੱਤ ਤੱਕ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਕਿਸਾਨ ਆਗੂਆਂ ਦੀ ਅਗਵਾਈ ਹੇਠ ਦੋ ਘੰਟੇ ਦੇ ਪ੍ਰਦਰਸ਼ਨ ਤੋਂ
ਬਾਅਦ ਗੈਸ ਸਿਲੰਡਰਾਂ ਨੂੰ ਸੜਕਾਂ ਤੇ ਰੱਖ ਕੇ ਅਤੇ ਵੱਖ-ਵੱਖ ਮਸ਼ੀਨਰੀਆਂ ਦੇ ਹਾਰਨ ਵਜਾ ਕੇ ਸਰਕਾਰ ਖਿਲਾਫ ਰੋਸ ਪ੍ਰਗਟ
ਕੀਤਾ ਗਿਆ। ਇਸ ਸਮੇਂ ਵਰਿਆਮ ਸਿੰਘ ਖਿਆਲਾ, ਸਿਕੰਦਰ ਸਿੰਘ ਖਿਆਲਾ, ਡਾ. ਹਰਦੇਵ ਸਿੰਘ, ਰਤਨ ਭੋਲਾ,
ਏ.ਆਈ.ਐਸ.ਐਫ. ਦੇ ਖੁਸ਼ਪਿੰਦਰ ਕੌਰ ਚੌਹਾਨ, ਸਾਧੂ ਸਿੰਘ ਬੁਰਜ ਢਿੱਲਵਾਂ, ਸੁਖਚਰਨ ਦਾਨੇਵਾਲੀਆ, ਸੁਖਦੇਵ ਪੰਧੇਰ
ਆਦਿ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਧਰਨੇ ਦੌਰਾਨ ਲੋਕ ਗਾਇਕ ਕੇਵਲ ਅਕਲੀਆ, ਜੱਸੂ ਚਕੇਰੀਆਂ ਨੇ
ਲੋਕ ਗੀਤ ਪੇਸ਼ ਕੀਤੇ।