ਚੰਡੀਗੜ੍ਹ 28,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਵਿੱਚ ਪੈਟਰੋਲ ਦੀ ਕੀਮਤ ਸੈਂਕੜਾ ਪਾਰ ਕਰ ਗਈ ਹੈ।ਆਸਮਾਨੀ ਚੜ੍ਹਦੀਆਂ ਤੇਲ ਕੀਮਤਾਂ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ ਪਰ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਕੰਨ ‘ਤੇ ਜੂੰ ਨਹੀਂ ਸਰਕੀ।ਅੱਗ ਵਾਂਗ ਵਧਦੀਆਂ ਤੇਲ ਕੀਮਤਾਂ ਨੇ ਪੰਜਾਬੀਆਂ ਦਾ ਪਾਰਾ ਵੀ ਵਧਾ ਦਿੱਤਾ ਹੈ।ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ 100 ਦਾ ਅੰਰੜਾ ਟੱਪ ਚੁੱਕਾ ਹੈ।
ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਆਮ ਵਰਤੋਂ ਦੀਆਂ ਚੀਜਾਂ ਦੇ ਮੁੱਲ ਵੀ ਬਹੁਤ ਵੱਧ ਗਏ ਹਨ, ਜਿਸ ਕਰਕੇ ਗਰੀਬ ਵਰਗ ਸਮੇਤ ਮੱਧ ਵਰਗ ਦੇ ਪਰਿਵਾਰਾਂ ‘ਤੇ ਮਾੜਾ ਅਸਰ ਪੈ ਰਿਹਾ ਹੈ।
ਜਦੋਂ ਦੇਸ ਦੇ ਲੋਕ ਕੋਰੋਨਾ ਮਹਾਮਾਰੀ ਨਾਲ ਬੇਰੁਜਗਾਰ ਹੋ ਰਹੇ ਹਨ ਅਤੇ ਭਾਰੀ ਆਰਥਿਕ ਸੰਕਟ ਵਿੱਚ ਫਸ ਗਏ ਹਨ, ਉਦੋਂ ਹੀ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜਲ ਦੇ ਮੁੱਲ ਵਿੱਚ 30 ਰੁਪਏ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਹੈ। ਇਸ ਕਾਰਨ ਪੈਟਰੋਲ ਦੀ ਕੀਮਤ ਹੁਣ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ ਅਤੇ ਡੀਜਲ ਦੀ ਕੀਮਤ 100 ਰੁਪਏ ਤੱਕ ਪਹੁੰਚਣ ਲਈ ਤਿਆਰ ਹੈ।
ਇਸਦੇ ਸੰਬੰਧੀ ਜਦੋਂ ਏਬੀਪੀ ਸਾਂਝਾ ਨੇ ਆਮ ਲੋਕਾਂ ਨਾਲ ਗੱਲ ਬਾਤ ਕੀਤੀ ਤਾਂ ਓਹਨਾਂ ਨੇ ਕਿਹਾ ਕਿ ਇਸ ਮਹਿੰਗਾਈ ਦੇ ਕਾਰਨ ਇੱਕ ਮੱਧ ਵਰਗੀ ਪਰਿਵਾਰ ਦੇ ਬਜਟ ਉਪਰ ਕਾਫੀ ਅਸਰ ਪੈ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਕਦਮ ਵਾਧੇ ਕਾਰਨ ਹੋਰ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਇਜ਼ਾਫਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ, “ਇਸਦਾ ਅਸਰ ਸਿੱਧੇ ਤੌਰ ‘ਤੇ ਇਕ ਸਧਾਰਨ ਪਰਿਵਾਰ ਦੀ ਜੇਬ ਉਤੇ ਪੈਂਦਾ ਹੈ। ਪਰਿਵਾਰ ਦੀ ਇਨਕਮ ਘੱਟ ਹੁੰਦੀ ਹੈ ਅਤੇ ਖਰਚ ਜ਼ਿਆਦਾ ਹੋ ਗਿਆ ਹੈ। ਇਨਕਮ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ।ਪਰ ਮਹਿੰਗਾਈ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ।”
ਪੈਟਰੋਲ ਦੀਆਂ ਕੀਮਤਾਂ
ਡੀਜ਼ਲ ਦੀ ਕੀਮਤ