
ਚੰਡੀਗੜ੍ਹ, 9 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਦੇ ਪਿੰਡਾਂ ਵਿੱਚ ਸ਼ਹਿਰਾਂ ਵਾਂਗ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਉਪਰਾਲੇ ਦੇ ਤਹਿਤ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਵਲੋਂ ਪਿੰਡਾਂ ਵਿਚ ਪਾਰਕ ਅਤੇ ਖੇਡ ਮੈਦਾਨ ਬਣਾਏ ਜਾ ਰਹੇ ਹਨ। ਇਸ ਸਬੰਧੀ ਅੱਜ ਇਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦਿਆਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਾਲ ਸਰਕਾਰ ਵਲੋਂ 1500 ਖੇਡ ਮੈਦਾਨ ਅਤੇ ਪਾਰਕ ਬਣਾਏ ਜਾਣਗੇ।
ਇਸ ਦੇ ਨਾਲ ਹੀ ਪੰਚਾਇਤ ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਦੇ ਚੱਲਦਿਆਂ ਇਸ ਲੰਘੇ ਸਮੇਂ ਦੌਰਾਨ ਕਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਵਿੱਤੀ ਸਾਲ 2020-21 ਦੌਰਾਨ ਰਾਜ ਅੰਦਰ ਕੁੱਲ 750 ਪਾਰਕ ਬਣਾਏ ਜਾਣਗੇ, ਜਿੰਨਾਂ ਵਿਚੋਂ 578 ਪਾਰਕ ਨਿਰਮਾਣ ਅਧੀਨ ਹਨ। ਇਸ ਤੋਂ ਇਲਾਵਾ ਇਸ ਵਿੱਤੀ ਸਾਲ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਿੰਡਾਂ ਵਿੱਚ 750 ਖੇਡ ਮੈਦਾਨ ਬਣਾਉਣ ਦਾ ਟੀਚਾ ਮਿੱਥਿਆ ਹੈ, ਜਿੰਨਾਂ ਵਿੱਚੋਂ ਕੁੱਲ 165 ਖੇਡ ਦੇ ਮੈਦਾਨ ਨਿਰਮਾਣ ਅਧੀਨ ਹਨ।

ਸ੍ਰੀ ਬਾਜਵਾ ਨੇ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਜਿੱਥੇ ਪਿੰਡਾਂ ਦੀ ਦਿੱਖ ਵਧੀਆ ਬਣ ਸਕੀ ਹੈ ਉਥੇ ਹੀ ਪਿੰਡ ਹਰੇ -ਭਰੇ ਬਣਨ ਦੇ ਨਾਲ ਨਾਲ ਪਿੰਡਾਂ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਵੀ ਇੱਕ ਬਹੁਤ ਵਧੀਆ ਉਪਰਾਲਾ ਹੋਇਆ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡਾਂ ਵਿਚ ਬੇਅਬਾਦ ਪਈਆਂ ਜ਼ਮੀਨਾਂ ‘ਤੇ ਪਾਰਕ ਅਤੇ ਖੇਡ ਮੈਦਾਨ ਬਣਾਉਣ ਲਈ ਨਿਸ਼ਾਨ ਦੇਹੀ ਕਰਨ ਲਈ ਆਦੇਸ਼ ਜਾਰੀ ਕੀਤੇ ਸਨ। ਇਸ ਸਰਕਾਰ ਦੇ ਪਿਛਲੇ ਦੋ ਸਾਲਾ ਦੇ ਦੌਰਾਨ ਹੁਣ ਤੱਕ ਵਿੱਤੀ ਸਾਲ 2018-19 ਅਤੇ 2019-20 ਦੌਰਾਨ ਕੁੱਲ 913 ਪਾਰਕਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਅਤੇ ਇਕੱਲੇ ਵਿੱਤੀ ਸਾਲ 2019-20 ਦੌਰਾਨ ਹੀ 921 ਖੇਡ ਮੈਦਾਨ ਬਣਾਏ ਗਏ ਹਨ।

ਪੇਂਡੂ ਵਿਕਾਸ ਵਿਭਾਗ ਦੀ ਵਿੱਤੀ ਕਮਿਸ਼ਨਰ ਸ੍ਰੀਮਤੀ ਸੀਮਾ ਜੈਨ ਨੇ ਦੱਸਿਆ ਕਿ ਪਿੰਡਾਂ ਵਿਚ ਖੇਡ ਮੈਦਾਨ ਅਤੇ ਪਾਰਕਾਂ ਦੇ ਨਿਰਮਾਣ ਵਿਚ ਮਗਨਰੇਗਾ ਸਕੀਮ ਦੇ ਅੰਤਰਗਤ ਲੱਖਾਂ ਲੋੜਵੰਦ ਲੋਕਾਂ ਨੂੰ ਰੁਜਗਾਰ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿੰਡਾਂ ਦੀ ਦਿਖ ਬਦਲਣ ਲਈ ਨਿਰਧਾਰਤ ਟੀਚੇ ਕਰੋਨਾ ਮਹਾਂਮਾਰੀ ਦੇ ਬਵਜੂਦ ਸਮੇਂ ਸਿਰ ਪੂਰੇ ਕੀਤੇ ਜਾਣਗੇ। ਇਸ ਦੇ ਨਾਲ ਉਨ੍ਹਾਂ ਪਿਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਜਿੱਥੇ ਬੇਅਬਾਦ ਜ਼ਮੀਨਾਂ ‘ਤੇ ਪੰਚਇਤਾਂ ਖੇਡ ਮੈਦਾਨ ਜਾਂ ਪਾਰਕ ਬਣਵਉਣਾ ਚਹੁੰਦੀਆਂ ਹਨ, ਉਹ ਵੀ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ।

