ਮਾਨਸਾ, 27 ਜਨਵਰੀ: (ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਆਕਾਸ਼ ਬਾਂਸਲ ਦੀ ਗਤੀਸ਼ੀਲ ਅਗਵਾਈ ਹੇਠ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਮਾਨਸਾ ਵੱਲੋਂ ਕਾਰਬਨ ਨਿਊਟਰੇਲਿਟੀ ਸਬੰਧੀ ਜਾਗਰੂਕਤਾ ਲਈ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਪੰਚਾਇਤ ਭਵਨ, ਖਿਆਲਾ ਕਲਾਂ ਵਿਖੇ ਕਰਵਾਇਆ ਗਿਆ ਜਿੱਥੇ ਲਗਭਗ 320 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਾਯੂਮੰਡਲ ਵਿੱਚ ਕਾਰਬਨ ਦੀ ਵਧ ਰਹੀ ਮਾਤਰਾ ਦੇ ਮਾੜੇ ਪ੍ਰਭਾਵਾਂ ਅਤੇ ਕਾਰਬਨ ਨਿਊਟਰੇਲਿਟੀ ਲਈ ਲੋੜੀਂਦੇ ਉਪਰਾਲੇ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵਧ ਰਹੀ ਕਾਰਬਨ ਕਾਰਨ ਵਾਯੂਮੰਡਲ ਦਾ ਤਾਪਮਾਨ ਵਧ ਰਿਹਾ ਹੈ ਜਿਸ ਕਾਰਨ ਖੇਤੀਬਾੜੀ ਦੀਆਂ ਫਸਲਾਂ ਅਤੇ ਸਹਾਇਕ ਧੰਦਿਆਂ ’ਤੇ ਪ੍ਰਭਾਵ ਪੈ ਰਿਹਾ ਹੈ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸ੍ਰੀ ਆਕਾਸ਼ ਬਾਂਸਲ ਨੇ ਕਿਸਾਨਾਂ ਨੂੰ ਮਾਹਿਰਾਂ ਦੀ ਰਾਇ ਅਤੇ ਨੁਕਤਿਆਂ ਅਨੁਸਾਰ ਕਾਰਬਨ ਨਿਊਟਰੇਲਿਟੀ ਵਿੱਚ ਯੋਗਦਾਨ ਪਾਉਣ ਲਈ ਅਪੀਲ ਕੀਤੀ । ਮੁੱਖ ਖੇਤੀਬਾੜੀ ਅਫਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਸੀ.ਆਰ.ਐਮ. ਸਕੀਮ ਅਧੀਨ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਕਰਨ ਵਾਲੇ 07 ਕਿਸਾਨਾਂ ਰਾਮ ਸਿੰਘ ਪਿੰਡ ਝੇਰਿਆਂਵਾਲੀ, ਜਗਸੀਰ ਸਿੰਘ ਪਿੰਡ ਖਿਆਲੀ ਚਹਿਲਾਂਵਾਲੀ, ਗੁਰਪ੍ਰੀਤ ਸਿੰਘ ਪਿੰਡ ਝੇਰਿਆਂਵਾਲੀ, ਜਸਵੀਰ ਸਿੰਘ ਪਿੰਡ ਜਵਾਹਰਕੇ, ਗਗਨਦੀਪ ਸਿੰਘ ਪਿੰਡ ਨੰਗਲ ਖੁਰਦ, ਸੁਖਪਾਲ ਸਿੰਘ ਬੋਹਾ ਅਤੇ ਸੁਖਵੰਤ ਸਿੰਘ ਪੁੱਤਰ ਪਿੰਡ ਰਿਓਂਦ ਖੁਰਦ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਡਾ. ਗੁਰਪ੍ਰੀਤ ਸਿੰਘ, ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ, ਡਾ. ਪ੍ਰਿਤਪਾਲ ਸਿੰਘ, ਸੀਨੀਅਰ ਸਾਇੰਟਿਸਟ, ਕ੍ਰਿਸ਼ੀ ਵਿਗਿਆਨ ਕੇਂਦਰ, ਡਾ. ਚਮਨਦੀਪ ਸਿੰਘ, ਡੀ.ਪੀ.ਡੀ. (ਆਤਮਾ) ਅਤੇ ਡਾ. ਹਰਵਿੰਦਰ ਸਿੰਘ, ਖੇਤੀਬਾੜੀ ਅਫਸਰ, ਡਾ. ਪਰਮੇਸ਼ਵਰ ਕੁਮਾਰ, ਬਾਗਬਾਨੀ ਵਿਕਾਸ ਅਫ਼ਸਰ, ਡਾ. ਸਤਵੀਰ ਕੌਰ, ਡੇਅਰੀ ਵਿਭਾਗ ਮੌਜੂਦ ਸਨ।