ਮਾਨਸਾ, 03 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਹਰਫੂਲ ਭੁੱਲਰ ਦੀ ਪੁੱਤਰ ‘ਤਰਨਵੀਰ ਭੁੱਲਰ’ ਨੂੰ ਸਪਰਪਿਤ ਕਿਤਾਬ ‘ਆਪੇ ਦੇ ਰੂ-ਬਰੂ’ ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਤੇ ਪੰਜਾਬ ਦੀ ਮਹਾਨ ਸ਼ਖਸੀਅਤ ਜਰਨੈਲ ਘੁਮਾਣ ਨੇ “ਤਨਵੀਰ ਭੁੱਲਰ” ਨੂੰ ਯਾਦ ਕਰਦਿਆਂ ਕਿਹਾ ਕਿ ਅਸਲੋਂ ਨਿੱਘਾ ਇਨਸਾਨ ਹੈ ‘ਹਰਫੂਲ ਭੁੱਲਰ’ ਹਰ ਸਮੇਂ ਹਸੂੰ-ਹਸੂੰ ਕਰਦਾ ਹੱਸ-ਮੁੱਖ ਚਿਹਰਾ, ਡੁੱਲ੍ਹ-ਡੁੱਲ੍ਹ ਪੈਂਦਾ ਪੰਜਾਬੀਅਤ ਦਾ ਨੂਰ, ਕਾਇਨਾਤ-ਕੁਦਰਤ ਨੂੰ ਪਿਆਰ ਕਰਨ ਵਾਲੀ ਪਵਿੱਤਰ ਰੂਹ, ਯਾਰਾਂ ਦਾ ਯਾਰ, ਨੱਕੋ ਨੱਕ ਇਸਾਨੀਅਤ ਨਾਲ ਭਰੀ ਆਤਮਾ, ਇੱਕ ਵਿਲੱਖਣ ਸਖਸ਼ੀਅਤ ਮੇਰਾ ਛੋਟਾ ਵੀਰ ‘ਹਰਫੂਲ ਭੁੱਲਰ’
ਜਿਸ ਦੇ ਦਰਸ਼ਨ ਦੀਦਾਰੇ ਕਰਦਿਆਂ ਹੀ ਮਨੋ ਰੂਹ ਖਿੜ ਜਾਂਦੀ ਹੈ ਅਤੇ ਗੱਲ ਕਰਕੇ ਰੂਹ ਨੂੰ ਸਕੂਨ ਮਿਲਦੈ, ਦਿਲ ਕਰਦਾ ਰਹਿੰਦੈ ਕਿ ਇਸ ਇਨਸਾਨ ਨਾਲ ਘੰਟਿਆਂ ਬੱਧੀ ਵਾਰਤਾਲਾਪ ਕਰੀ ਹੀ ਜਾਈਏ।
ਮੈਂ ਜਿੰਨੵੀ ਵਾਰ ਵੀ ‘ਹਰਫੂਲ ਭੁੱਲਰ’ ਹੋਰਾਂ ਨੂੰ ਮਿਲਿਆ ਹਾਂ, ਮੇਰੇ ਲਈ ਓਹ ਪਲ ਪਿਆਰ-ਸਤਿਕਾਰ ਦੇ ਧੁਰ ਅੰਦਰੋਂ ਨਿੱਘ ਮਾਨਣ ਵਾਲੇ ਸਕੂਨਮਈ ਪਲ ਹੋ ਨਿਬੜੇ, ਜਦੋਂ-ਜਦੋਂ ਵੀ ਮੈਂ ਨਿੱਘੇ, ਲਾਡਲੇ ਅਤੇ ਪਿਆਰੇ ਦੋਸਤ ‘ਹਰਫੂਲ ਭੁੱਲਰ’ ਦੇ ਘਰ ਗਿਆ ਤਾਂ ਪਰਿਵਾਰ ਵੱਲੋਂ ਕੀਤੀ ਮਹਿਮਾਨ ਨਿਵਾਜ਼ੀ ਨੂੰ ਸ਼ਬਦਾਂ ਰਾਹੀਂ ਬਿਆਨ ਕਰ ਸਕਾਂ, ਓਹ ਮੇਰੇ ਅਤੇ ਮੇਰੀ ਕਲ਼ਮ ਲਈ ਮੁਸ਼ਕਿਲ ਕੰਮ ਹੈ।
ਸੌਖੇ ਬਹੁਤ ਬਣਾਉਣੇ ਰਿਸ਼ਤੇ ।
ਔਖੇ ਹੋਣ ਨਿਭਾਉਣੇ ਰਿਸ਼ਤੇ ।
ਦਿਲੋਂ ਪਿਆਰ-ਸਤਿਕਾਰ
ਕਰਨ ਜੋ,
ਐਸੇ ਕਿਥੋਂ ਥਿਆਉਣੇ ਰਿਸ਼ਤੇ?
(ਹੁੰਦੇ ਮੁਸ਼ਕਿਲ ਥਿਆਉਣੇ ਰਿਸ਼ਤੇ)
‘ਘੁਮਾਣਾ’
ਦਿਲ ਵਿੱਚ ਖੋਟ ਪਾਲਦੇ,
ਹੋਣ ਅਖੌਤੀ ਬੌਣੇ ਰਿਸ਼ਤੇ ॥
ਮੈਂ ਯਕੀਨਨ ਕਹਿ ਸਕਦਾ ਹਾਂ ਕਿ ‘ਹਰਫੂਲ ਭੁੱਲਰ’ ਨਾਲ ਜਿਸ-ਜਿਸ ਦੀ ਵੀ ਸਾਂਝ ਪਈ ਹੋਵੇਗੀ, ਇਸ ਮਹਿਕਦੀ ਰੂਹ ਨੇ ਹਰੇਕ ਨੂੰ ਆਪਣੀ ਅਪਣੱਤ ਰੂਪੀ ਮਹਿਕ ਨਾਲ ਤ੍ਰਿਪਤ ਜ਼ਰੂਰ ਕੀਤਾ ਹੋਵੇਗਾ, ਇਹ ਮੇਰਾ ਤਜੁਰਬਾ ਵੀ ਹੈ, ਯਕੀਨ ਵੀ ਹੈ ਅਤੇ ਇਸ ਦਾ ਮੈਂ ਦਾਅਵਾ ਵੀ ਠੋਕਦਾ ਹਾਂ।
‘ਹਰਫੂਲ ਭੁੱਲਰ’ ਫੇਸਬੁੱਕ ਜ਼ਰੀਏ ਬਹੁਤ ਲੰਮੇ ਸਮੇਂ ਤੋਂ ਆਪਣੀ ਰੋਜ਼ਾਨਾ ਦੀ ਪੋਸਟ ‘ਸ਼ੁਭ ਸਵੇਰ ਦੋਸਤੋ’ ਰਾਹੀਂ ਚਰਚਾ ਵਿੱਚ ਹੈ, ਸੋ ਪਹਿਲਾਂ ਤੋਂ ਹੀ ਆਪਣੀਆਂ ਹੱਡ ਬੀਤੀਆਂ ਦਾ ਜ਼ਿਕਰ ‘ਹਰਫੂਲ ਭੁੱਲਰ’ ਗਾਹੇ ਬਗਾਹੇ ਜਾਂ ਆਪਣੀਆਂ ਲਿਖ਼ਤਾਂ ਵਿੱਚ ਅਕਸਰ ਹੀ ਕਰਦਾ ਰਹਿੰਦਾ ਹੈ। ਹਰ ਗੱਲ, ਹਰ ਵਾਰਤਾ ਤੇ ਹਰ ਮਿਲਣੀ ਵਿੱਚ ‘ਹਰਫੂਲ ਭੁੱਲਰ’ ਜ਼ਿੰਦਗੀ ਜਿਉਂਣ, ਮਾਣਨ ਅਤੇ ਸਵੀਕਾਰ ਕਰਨ ਵੱਲ ਹੀ ਸੇਧ ਦਿੰਦਾ ਰਹਿੰਦਾ ਹੈ। ਜੇਕਰ ਮੈਂ ਇਹ ਕਹਿ ਲਵਾਂ ਕਿ ਤਾਣਿਆਂ ਬਾਣਿਆਂ ਚੋਂ, ਉਲਝਣਾਂ ਅਤੇ ਘੁੰਮਣ ਘੇਰੀਆਂ ਚੋਂ ਨਿਕਲਣ ਵਾਸਤੇ ਸਦਾ ਚੜਦੀ ਕਲਾ ਦਾ ਹੋਕਾ ਦਿੰਦਾ ਹੀ ਰਹਿੰਦਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗਾ, ਇਸ ਕਲ਼ਮ ਨੂੰ ਜਦ ਵੀ ਪੜ੍ਹੀਏ ਉਕਾਉਪਣਾ ਨਹੀਂ ਹੁੰਦਾ, ਸਕੂਨ ਹੀ ਮਿਲਦੈ, ‘ਹਰਫੂਲ ਭੁੱਲਰ’ ਦੀ ਕੁਟੀਆ, ਛੱਜੂ ਦਾ ਚੁਬਾਰਾ ਹੀ ਹੈ, ਬੜਾ ਮਨ ਕਰਦੈ ਕਿ ਸਮਾਂ ਕੱਢ ਕੇ ‘ਛੱਜੂ ਦੇ ਚੁਬਾਰੇ ਦਾ ਸੁੱਖ’ ਮਾਣ ਕੇ ਆਈਏ ਜਾਂ ਇਹ ਕਹਿ ਲਈਏ ਕਿ ਆਪਣੀਆਂ ਪਿਛੋਕੜ ਨਾਲ ਜੁੜੀਆਂ ਯਾਦਾਂ ਵੱਲ ਗੇੜਾ ਲਾ ਕੇ ਆਈਏ, ਪਰ ਇਨਸਾਨ ਦੇ ਵੱਸ ਕੋਸ਼ਿਸ਼ ਕਰਨਾ ਹੀ ਹੈ ਕਿਉਂਕਿ ਜ਼ਿੰਦਗੀ ਦੇ ਵਹਿਣ ਵਿੱਚ ਬੰਦਾ ਅੱਗੇ ਤੋਂ ਅੱਗੇ ਰੁੜ੍ਹਦਾ ਜਾਂਦਾ ਹੈ, ਪਿੱਛੇ ਪਿਛੋਕੜ ਵੱਲ ਜਾਣਾ ਮੁਸ਼ਕਿਲ ਹੁੰਦਾ ਹੈ, ਹਾਂ ਜੇਕਰ ਦਾਣਾ ਪਾਣੀ ਮਿਲ ਬੈਠ ਛਕਣਾ ਲਿਖਿਆ ਹੋਇਆ ਤਾਂ…
‘ਆਪੇ ਲੈ ਜੂ ਖਿੱਚ ਕੇ ਕੁਦਰਤ ਰਾਣੀ, ਜਿਸ ਹੱਥ ਹੈ ਕਰਮਾਂ ਦੀ ਤਾਣੀ’।
ਹੱਥਲੀ ਕਿਤਾਬ ‘ਆਪੇ ਦੇ ਰੂ-ਬਰੂ’ ‘ਹਰਫੂਲ ਭੁੱਲਰ’ ਦੀ ਬੇਸ਼ੱਕ ਪਲੇਠੀ ਕਿਤਾਬ ਆਪਣੇ ਦਰਵੇਸ਼ ਪੁੱਤਰ ‘ਤਰਨਵੀਰ ਭੁੱਲਰ’ ਨੂੰ ਸਪਰਪਿਤ ਹੈ, ਜੋ ਕੁਝ ਮਹੀਨੇ ਪਹਿਲਾਂ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਪਰੰਤੂ ਇਸ ਵਿੱਚ ਉਹ ਇੱਕ ਪ੍ਰਪੱਕ ਲੇਖਕ ਤੋਂ ਵੀ ਵਧ ਕੇ ਆਪਣੇ ਵਿਚਾਰ ਅਤੇ ਜ਼ਜਬਾਤ ਲਿਖਣ ਵਿੱਚ ਕਾਮਯਾਬ ਹੋਇਆ ਹੈ, ਕਿਉਂਕਿ ‘ਹਰਫੂਲ ਭੁੱਲਰ’ ਹਾਲਾਤਾਂ ਦੀ ਭੱਠੀ ‘ਚ ਕੜਿਆ ਤੌੜੀ ਦੇ ਦੁੱਧ ਵਰਗਾ ਲੇਖਕ ਹੈ। ਅਸਲ ‘ਚ ਲਿਖਤਾਂ ਵੀ ਉਸੇ ਦੀਆਂ ਵਧੀਆ ਹੋ ਸਕਦੀਆਂ ਹਨ, ਜਿਹਦੀ ਖ਼ੁਦ ਕੋਈ ਹੱਡ ਬੀਤੀ ਹੋਵੇ ਅਤੇ ਜਿਸ ਨੇ ਚੌਗਿਰਦੇ ਨੂੰ ਬਰੀਕੀ ਨਾਲ ਵਾਚਿਆ ਤੇ ਨੌਹਾਰਿਆ ਹੋਵੇ, ਤਾਂ ਹੀ ਤਾਂ…
“ਆਪੇ ਦੇ ਰੂ-ਬਰੂ” ਜ਼ਿੰਦਗੀ ਦੀ ਖੁੱਲ੍ਹੀ ਕਿਤਾਬ ਲਿਖੀ ਹੈ।
ਵਾਹ-ਵਾਹ ਬਾਈ ਸਿਆਂ,
ਸੱਚੋ-ਸੱਚ ਲਿਖਿਆ,
ਪਿੰਡੇ ਹੰਢਾਇਆ ਬਿਆਨ ਕੀਤਾ,
ਮੁਸ਼ਕਿਲਾਂ, ਤੰਗੀਆਂ, ਤੁਰਸ਼ੀਆਂ ਤੇ ਮੁਸੀਬਤਾਂ ਦੀਆਂ ਸੱਟਾਂ ਨੇ ਸਾਡੇ ਬਾਈ ਨੂੰ ਹੀਰਾ ਬਣਾ ਦਿੱਤਾ ਹੈ।
ਸਲਾਮ ਐ,
ਜਿਉਂਦਾ-ਵੱਸਦਾ ਰਹਿ ਜਵਾਨਾ,
ਹੱਸਦਾ-ਖੇਡਦਾ ਰਹਿ ਸੱਜਣਾ,
ਬਹੁਤ-ਬਹੁਤ ਮੁਬਾਰਕਬਾਦ ਜੀਓ,
ਕੁਦਰਤ ਸੋਚ ‘ਚ ਹੋਰ ਬਰਕਤਾਂ ਪਾਵੇ,
ਤੁਸੀਂ ਸਮਾਜ ਨੂੰ ਸੇਧ ਦਿੰਦੀਆਂ ਸੈਂਕੜੇ ਕਿਤਾਬਾਂ ਲਿਖੋਂ।
ਇਸ ਮੌਕੇ ਤੇ ਪੰਜਾਬ ਦੀਆਂ ਮਹਾਨ ਹਸਤੀਆਂ ਰਾਜਿੰਦਰ ਸਿੰਘ ਫਾਈਨਟੋਨ, ਗੀਤਕਾਰ ਭਿੰਦਰ ਡੱਬਵਾਲੀ, “ਮਿੱਟੀ ਨੂੰ ਫਰੋਲ ਜੋਗਿਆ” ਅਸ਼ੋਕ ਬਾਂਸਲ ਮਾਨਸਾ, ਕੁਲਵਿੰਦਰ ਕੰਵਲ, ਮਨਪ੍ਰੀਤ ਟਿਵਾਣਾ, ਪੰਜਾਬੀ ਗਾਇਕ ਗੁਰਵਿੰਦਰ ਬਰਾੜ, ਬਲਬੀਰ ਲਹਿਰਾ, ਭਿੰਦੇ ਸ਼ਾਹ ਰਾਜੋਆਣੀਆਂ ਆਦਿ ਹਾਜਰ ਸਨ।