
ਮਾਨਸਾ (22 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਾਨਸਾ ਵੱਲੋਂ ਕਹਾਣੀਕਾਰ ਜਸਬੀਰ ਢੰਡ ਦੀ ਪੁਸਤਕ ‘ਧਾਗੇ ਅਮਨ ਅਮਾਨ ਜੀ’ ਉਪਰ ਬਚਤ ਭਵਨ ਮਾਨਸਾ ਵਿਖੇ ਵਿਚਾਰ ਚਰਚਾ ਕੀਤੀ ਗਈ ਅਤੇ ਸਮਾਗਮ ਦੌਰਾਨ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ।ਸਮਾਗਮ ਦੀ ਪ੍ਰਧਾਨਗੀ ਡਾ. ਕੁਲਦੀਪ ਸਿੰਘ ਦੀਪ ਸੂਬਾ ਜਰਨਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ , ਉੱਘੇ ਕਹਾਣੀ ਅਤੇ ਨਾਵਲਕਾਰ ਜਸਪਾਲ ਮਾਨਖੇੜਾ , ਜ਼ਿਲ੍ਹਾ ਭਾਸ਼ਾ ਅਫਸਰ ਮੈਡਮ ਤੇਜਿੰਦਰ ਕੌਰ ਅਤੇ ਉੱਘੇ ਲੇਖਿਕਾ ਮੈਡਮ ਗੁਰਮੇਲ ਕੌਰ ਜੋਸ਼ੀ ਦੁਆਰਾ ਸਾਂਝੇ ਤੌਰ ਤੇ ਕੀਤੀ ਗਈ ।ਕਿਤਾਬ ਉਪਰ ਪਰਚਾ ਡਾ. ਗੁਰਪ੍ਰੀਤ ਸਿੰਘ ਅਤੇ ਪ੍ਰੋ ਗੁਰਦੀਪ ਸਿੰਘ ਢਿੱਲੋਂ ਵੱਲੋ ਪੜ੍ਹਿਆ ਗਿਆ । ਪਰਚੇ ਉਪਰ ਬਹਿਸ ਦੀ ਸ਼ੁਰੂਆਤ ਉੱਘੇ ਆਲੋਚਕ ਨਿਰੰਜਨ ਬੋਹਾ ਜੀ ਵੱਲੋਂ ਕੀਤੀ ਗਈ । ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਜਸਪਾਲ ਮਾਨਖੇੜਾ ਨੇ ਕਿਹਾ ਕਿ ਜਸਬੀਰ ਢੰਡ ਸਾਡਾ ਸੀਨੀਅਰ ਕਹਾਣੀਕਾਰ ਹੈ। ਉਸ ਦਾ ਨਾਮ ਮਾਨਸਾ ਜ਼ਿਲ੍ਹੇ ਦੇ ਮੋਢੀ ਕਹਾਣੀਕਾਰਾਂ ਵਿੱਚ ਸ਼ੁਮਾਰ ਹੁੰਦਾ ਹੈ ਜਿੰਨਾ ਨੇ ਤੰਗੀਆਂ ਤੁਰਸ਼ੀਆਂ ਨਾਲ ਜੂਝਦਿਆਂ ਸਾਹਿਤ ਨੂੰ ਆਪਣੇ ਜਿਉਣ ਦਾ ਅਤੇ ਆਪਣੀ ਹੀਣ ਭਾਵਨਾ ਨੂੰ ਖਤਮ ਕਰਨ ਦਾ ਜਰੀਆ ਬਣਾਇਆ । ਉੱਘੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਸਾਹਿਤ ਸਿਰਜਣਾ ਦੇ ਨਾਲ-ਨਾਲ ਸਾਹਿਤਕ ਵਿਰਸੇ ਨੂੰ ਸਾਂਭਣਾ ਵੀ ਬਹੁਤ ਜ਼ਰੂਰੀ ਹੈ ਤੇ ਅੱਜ ਦਾ ਸਾਡਾ ਇਹ ਸਮਾਗਮ ਜਿੱਥੇ ਜਸਬੀਰ ਢੰਡ ਦੀ ਵਾਰਤਕ ਦੀ ਕਿਤਾਬ ਉਪਰ ਗੱਲਬਾਤ ਕਰਨਾ ਹੈ ਉੱਥੇ ਹੀ ਉਹਨਾਂ ਨੂੰ ਬਣਦਾ ਸਨਮਾਨ ਦੇ ਕੇ ਉਹਨਾਂ ਅੰਦਰੋਂ ਬਹੁਤ ਸਾਰਾ ਕੁਛ ਬਾਹਰ ਕੱਢਣ ਦਾ ਵੀ ਵਸੀਲਾ ਹੈ । ਬਜ਼ੁਰਗ ਸਾਹਿਤਕਾਰ ਸਾਡਾ ਅਜਿਹਾ ਸਰਮਾਇਆ ਹਨ ਜਿੰਨਾਂ ਨੂੰ ਜੇਕਰ ਅਸੀਂ ਕਿਤਾਬਾਂ ਜਾਂ ਸਾਹਿਤ ਦੇ ਰੂਪ ਵਿੱਚ ਨਾ ਸਾਂਭਿਆ ਤਾਂ ਉਹ ਇੱਕ ਇੱਕ ਕਰਕੇ ਸਾਡੇ ਹੱਥਾਂ ਵਿੱਚੋਂ ਚਲੇ ਜਾਣਗੇ । ਸਨਮਾਨ ਦੌਰਾਨ ਜਸਬੀਰ ਢੰਡ ਵੱਲੋਂ ਸਾਰਿਆਂ ਦਾ ਭਾਵੁਕਤਾਪੂਰਨ ਧੰਨਵਾਦ ਕੀਤਾ ਗਿਆ । ਪੂਰੇ ਸਮਾਗਮ ਦੌਰਾਨ ਮੰਚ ਸੰਚਾਲਣ ਦੀ ਭੂਮਿਕਾ ਕੁਲਦੀਪ ਚੌਹਾਨ ਨੇ ਨਿਭਾਈ । ਇਸ ਸਮੇਂ ਹੋਰਨਾ ਤੋਂ ਇਲਾਵਾ ਦਰਸ਼ਨ ਬਰੇਟਾ , ਜਗਦੀਸ਼ ਰਾਏ ਕੁਲਰੀਆਂ , ਗੁਲਾਬ ਸਿੰਘ ਰਿਉਂਦ ਕਲਾਂ , ਅਜ਼ੀਜ਼ ਸਰੋਏ , ਰਾਜ ਜੋਸ਼ੀ , ਬਲਦੇਵ ਮਾਨ . ਡਾ. ਸੁਪਨਦੀਪ ਕੌਰ , ਜਗਜੀਵਨ ਆਲੀਕੇ , ਦਿਲਬਾਗ ਰਿਉਂਦ , ਸੁਖਚਰਨ ਸੱਦੇਵਾਲੀਆ, ਆਦਿ ਵੀ ਹਾਜ਼ਰ ਸਨ । ਅੰਤ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਮਾਨਸਾ ਦੇ ਪ੍ਰਧਾਨ ਗੁਰਨੈਬ ਸਿੰਘ ਮਘਾਣੀਆਂ ਵੱਲੋਂ ਪਹੁੰਚੇ ਹੋਏ ਸਾਹਿਤਕ ਸਾਥੀਆਂ ਦਾ ਧੰਨਵਾਦ ਕੀਤਾ ।
