
ਫਗਵਾੜਾ 21 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਜੀ.ਆਰ.ਡੀ. ਕੋਐਜੁਕੇਸ਼ਨ ਕਾਲਜ ਫਗਵਾੜਾ ਵਿਖੇ ‘ਲਾਇਬ੍ਰੇਰੀ ਅੱਪ ਕੀਪਿੰਗ’ ਕੈਂਪ ਕਾਲਜ ਡਾਇਰੈਕਟਰ (ਐਜੂਕੇਸ਼ਨ) ਡਾ. ਨੀਲਮ ਸੇਠੀ ਦੀ ਅਗਵਾਈ ਹੇਠ ਲਗਾਇਆ ਗਿਆ। ਲਾਇਬ੍ਰੇਰੀ ਕਮੇਟੀ ਅਤੇ ਐਨ.ਐਸ.ਐਸ. ਯੁਨਿਟ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੌਰਾਨ ਅਧਿਆਪਕਾਂ, ਵਿਦਿਆਰਥੀਆਂ ਅਤੇ ਕਾਲਜ ਦੇ ਨਾਨ ਟੀਚਿੰਗ ਸਟਾਫ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਅਤੇ ਸਫਾਈ ਸੇਵਕਾਂ ਨੇ ਲਾਇਬ੍ਰੇਰੀ ਦੀ ਸਫਾਈ ਕੀਤੀ ਅਤੇ ਪੁਸਤਕਾਂ, ਰਸਾਲਿਆਂ ਤੇ ਅਖ਼ਬਾਰਾਂ ਨੂੰ ਤਰਤੀਬ ਨਾਲ ਰੱਖਿਆ। ਇਸ ਤੋਂ ਇਲਾਵਾ ਅਧਿਆਪਕਾਂ ਦੇ ਰੀਡਿੰਗ ਰੂਮ, ਪੀ.ਜੀ ਕਲਾਸ ਦੇ ਰੀਡੀਂਗ ਰੂਮ ਦੀ ਸਾਫ-ਸਫਾਈ ਵੀ ਕੀਤੀ ਗਈ। ਡਾ. ਨੀਲਮ ਸੇਠੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸ਼ਰੀਰ ਦੀ ਤੰਦਰੁਸਤੀ ਲਈ ਸੰਤੁਲਿਤ ਭੋਜਨ ਜਰੂਰੀ ਹੈ, ਉਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਗਿਆਨ ਦੀ ਜਰੂਰਤ ਹੁੰਦੀ ਹੈ। ਜਿਸ ਦੀ ਖੁਰਾਕ ਸਾਨੂੰ ਪੁਸਤਕਾਂ ਪੜ੍ਹ ਕੇ ਮਿਲਦੀ ਹੈ। ਉਹਨਾਂ ਕਿਹਾ ਕਿ ਲਾਇਬ੍ਰੇਰੀ ਗਿਆਨ ਨੂੰ ਵਧਾਉਣ ਦਾ ਇਕ ਵਧੀਆ ਸਰੋਤ ਹੈ। ਜਿੱਥੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਭਾਰਤ ਨੂੰ ਪੁਰਾਤਨ ਕਾਲ ਵਿਚ ਵਿਸ਼ਵ ਗੁਰੂ ਕਿਹਾ ਜਾਂਦਾ ਸੀ, ਕਿਉਂਕਿ ਇੱਥੇ ਨਾਲੰਦਾ ਅਤੇ ਤਕਸ਼ਸ਼ਿਲਾ ਵਰਗੀਆਂ ਵਿਸ਼ਵ ਪ੍ਰਸਿੱਧ ਲਾਇਬ੍ਰੇਰੀਆਂ ਮੋਜੂਦ ਸਨ। ਵਿਦਿਆਰਥੀਆਂ ਦੀ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਵੀ ਕਰਵਾਈ ਗਈ। ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸੁੰਦਰ ਪੋਸਟਰ ਤਿਆਰ ਕਰਕੇ ਪੁਸਤਕਾਂ ਪੜ੍ਹਨ ਦਾ ਸੁਨੇਹਾ ਦਿੱਤਾ। ਪੋਸਟਰ ਮੇਕਿੰਗ ਮੁਕਾਬਲੇ ‘ਚ 10+2 ਦੀ ਵਿਦਿਆਰਥਣ ਪੂਨਮ ਨੇ ਪਹਿਲਾ, 10+1 ਦੀ ਵਿਦਿਆਰਥਣ ਮਨਪ੍ਰੀਤ ਨੇ ਦੂਸਰਾ ਅਤੇ ਇਸੇ ਜਮਾਤ ਦੀ ਪੱਲਵੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅਖੀਰ ‘ਚ ਕੈਂਪ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਗਈ।
