
ਬੋਹਾ 28 ,ਮਾਰਚ (ਸਾਰਾ ਯਹਾਂ / ਦਰਸ਼ਨ ਹਾਕਮਵਾਲਾ )-ਸਥਾਨਕ ਪੁਲੀਸ ਵੱਲੋਂ ਕੋਰੋਨਾ ਦੀ ਆੜ ਹੇਠ ਲੋਕਾਂ ਦੇ ਕੱਟੇ ਜਾ ਰਹੇ ਧੜਾ ਧੜ ਚਲਾਣਾਂ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ ਅਤੇ ਪੁਲੀਸ ਵੱਲੋਂ ਐਮਰਜੈਂਸੀ ਕੰਮ ਧੰਦਿਆਂ ਉੱਤੇ ਜਾ ਰਹੇ ਲੋਕਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਜੇਕਰ ਪੁਲੀਸ ਨੇ ਉਪਰੋਕਤ ਲੁੱਟਮਾਰ ਬੰਦ ਨਾ ਕੀਤੀ ਤਾਂ ਕਿਸਾਨ ਜਥੇਬੰਦੀਆਂ ਪੁਲੀਸ ਦੀ ਇਸ ਧੱਕੇਸ਼ਾਹੀ ਨੂੰ ਨੱਥ ਪਾਉਣ ਲਈ ਕੋਈ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਣਗੀਆਂ ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਕੀਤਾ ।ਉਨ੍ਹਾਂ ਆਖਿਆ ਕਿ ਪੁਲੀਸ ਨਸ਼ਾ ਤਸਕਰਾਂ ਗੈਂਗਸਟਰਾਂ ਅਤੇ ਸ਼ਰਾਬ ਦੀ ਨਾਜਾਇਜ਼ ਤਸਕਰੀ ਕਰਨ ਵਾਲੇ ਤੇ ਜੂਏਬਾਜ਼ਾਂ ਨੂੰ ਫੜਨ ਦੀ ਬਜਾਏ ਆਮ ਸਧਾਰਨ ਲੋਕਾਂ ਨੂੰ ਫੜ ਫੜ ਕੇ ਚਲਾਨ ਕੱਟ ਕੱਟ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਜਿਸ ਕਾਰਨ ਨਿੱਤ ਦਿਨ ਕੰਮ ਧੰਦੇ ਜਾਣ ਵਾਲੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ।ਕਿਸਾਨ ਆਗੂ ਨੇ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਹਰ ਸ਼ਨੀਵਾਰ 11 ਤੋਂ 12 ਵਜੇ ਇਸ ਤਕ ਟ੍ਰੈਫਿਕ ਬੰਦ ਕਰਨ ਦੇ ਐਲਾਨ ਨੂੰ ਵੀ ਜੁਮਲਾ ਕਰਾਰ ਦਿੱਤਾ । ਰਾਮਫਲ ਸਿੰਘ ਨੇ ਆਖਿਆ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਸੂਬੇ ਦੀ ਜਨਤਾ ਪਹਿਲਾਂ ਹੀ ਦੁਖੀ ਹੈ ਉੱਤੋਂ ਪੰਜਾਬ ਪੁਲੀਸ ਲੋਕਾਂ ਦੇ ਚਲਾਨ ਕੱਟ ਕੇ ਆਪਣੀਆਂ ਅਤੇ ਸਰਕਾਰ ਦੀਆਂ ਜੇਬਾਂ ਭਰਨ ਤੇ ਲੱਗੀ ਹੋਈ ਹੈ ।ਇਸ ਮੌਕੇ ਜਗਵੀਰ ਸਿੰਘ ਹਾਕਮਵਾਲਾ ਦਰਸ਼ਨ ਸਿੰਘ ਮਘਾਣੀਆਂ ਆਦਿ ਵੀ ਮੌਜੂਦ ਸਨ ।
