*ਪੁਲਿਸ ਟੀਮਾਂ ਨੇ 3760 ਵਾਹਨਾਂ ਦੀ ਕੀਤੀ ਚੈਕਿੰਗ , ਜਿਨ੍ਹਾਂ ਚੋਂ 271 ਦੇ ਕੀਤੇ ਚਲਾਨ ਅਤੇ 46 ਵਾਹਨ ਕੀਤੇ ਜ਼ਬਤ*

0
37

ਚੰਡੀਗੜ੍ਹ, 6 ਦਸੰਬਰ: (ਸਾਰਾ ਯਹਾਂ/ਮੁੱਖ ਸੰਪਾਦਕ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਵੱਲੋਂ ਬੁੱਧਵਾਰ ਨੂੰ ਇੱਕ ਵਿਸ਼ੇਸ਼ ਆਪ੍ਰੇਸ਼ਨ ‘ਆਪ੍ਰੇਸ਼ਨ ਸੀਲ-5’ ਚਲਾਇਆ ਗਿਆ, ਜਿਸ ਤਹਿਤ  ਸਰਹੱਦੀ ਰਾਜ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਪੰਜਾਬ ਵਿੱਚ ਨਸ਼ਾ ਤਸਕਰੀ ਅਤੇ ਸ਼ਰਾਬ ਤਸਕਰੀ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤੱਤਾਂ ਦੀਆਂ ਗਤੀਵਿਧੀਆਂ ’ਤੇ  ਵੀ ਬਾਜ਼ ਅੱਖ ਰੱਖੀ ਜਾ ਸਕੇ ।
ਇਹ ਚੈਕਿੰਗ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਇੱਕੋ ਸਮੇਂ ’ਤੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ  ਕੀਤੀ ਗਈ।

ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਬਠਿੰਡਾ, ਪਟਿਆਲਾ ਅਤੇ ਰੂਪਨਗਰ ਰੇਂਜ ਦੇ ਏ.ਡੀ.ਜੀ. ਪੀ, ਫਰੀਦਕੋਟ ਰੇਂਜ ਦੇ ਆਈਜੀਐਸਪੀ ਅਤੇ ਬਾਰਡਰ, ਜਲੰਧਰ ਅਤੇ ਫਿਰੋਜ਼ਪੁਰ ਰੇਂਜ  ਦੇ ਡੀਆਈਜੀ ਨੂੰ ਸਰਹੱਦੀ ਰਾਜਾਂ ਦੇ ਆਪਣੇ ਹਮਰੁਤਬਾ ਰੇਂਜ ਆਈਜੀਐਸਪੀ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਪ੍ਰਭਾਵਸ਼ਾਲੀ ਢੰਗ ਨਾਲ ‘ਸੀਲ-5’ ਦੇ ਹਿੱਸੇ ਵਜੋਂ ਨਾਕਾਬੰਦੀ ਨੂੰ ਯਕੀਨੀ ਬਣਾਇਆ ਜਾ ਸਕੇ। । ਉਨ੍ਹਾਂ ਦੱਸਿਆ ਕਿ ਸਰਹੱਦੀ ਜ਼ਿਲਿ੍ਹਆਂ ਦੇ ਸਾਰੇ ਐਸਐਸਪੀਜ਼ ਨੂੰ ਸਰਹੱਦੀ ਜ਼ਿਲਿ੍ਹਆਂ ਦੀਆਂ ਰਣਨੀਤਕ ਥਾਵਾਂ ’ਤੇ ਸਾਂਝੇ ਨਾਕੇ ਲਗਾਉਣ ਅਤੇ ਗਜ਼ਟਿਡ ਅਧਿਕਾਰੀਆਂ/ਐਸਐਚਓਜ਼ ਦੀ ਨਿਗਰਾਨੀ ਹੇਠ ਸੀਲਿੰਗ ਪੁਆਇੰਟਾਂ ’ਤੇ ਮਜ਼ਬੂਤ ’ਨਾਕੇ’ ਲਗਾਉਣ ਲਈ ਵੱਧ ਤੋਂ ਵੱਧ ਨਫ਼ਰੀ ਜੁਟਾਉਣ ਦੇ ਨਿਰਦੇਸ਼ ਦਿੱਤੇ  ਹਨ।

ਉਨ੍ਹਾਂ ਕਿਹਾ ਕਿ 10 ਜ਼ਿਲਿ੍ਹਆਂ ਦੇ ਸਾਰੇ 131 ਐਂਟਰੀ/ਐਗਜ਼ਿਟ ਪੁਆਇੰਟਾਂ, ਜੋ ਕਿ ਚਾਰ ਸਰਹੱਦੀ ਰਾਜਾਂ ਅਤੇ ਯੂਟੀ ਚੰਡੀਗੜ੍ਹ ਨਾਲ ਲੱਗਦੇ ਹਨ, ’ਤੇ ਇੰਸਪੈਕਟਰਾਂ/ਡੀ.ਐਸ.ਪੀ ਦੀ ਨਿਗਰਾਨੀ ਹੇਠ 1200 ਤੋਂ ਵੱਧ ਪੁਲਿਸ ਮੁਲਾਜ਼ਮਾਂ ਨਾਲ ਲੈਸ ਮਜ਼ਬੂਤ ਨਾਕੇ ਲਗਾਏ ਗਏ । 10 ਅੰਤਰ-ਰਾਜੀ ਸਰਹੱਦੀ ਜ਼ਿਲਿ੍ਹਆਂ ਵਿੱਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐਸਏਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਇਸ ਅਪ੍ਰੇਸ਼ਨ ਦੌਰਾਨ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਆਮ ਲੋਕਾਂ ਦੀ ਘੱਟੋ-ਘੱਟ ਅਸੁਵਿਧਾਵਾਂ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਜਾਂਚ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ‘ਵਾਹਨ’ ਮੋਬਾਈਲ ਐਪ ਦੀ ਵਰਤੋਂ ਕਰਕੇ ਉਨ੍ਹਾਂ ਦੇ ਰਜਿਸਟਰੇਸ਼ਨ ਨੰਬਰਾਂ ਦੀ ਵੀ ਪੁਸ਼ਟੀ ਕੀਤੀ ।

ਉਨ੍ਹਾਂ ਅੱਗੇ ਕਿਹਾ, “ਅਸੀਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਸੀ ਕਿ ਇਸ ਕਾਰਵਾਈ ਦੌਰਾਨ ਲੋਕਾਂ ਦੇ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਹਰੇਕ ਨਾਲ ਦੋਸਤਾਨਾ ਢੰਗ ਅਤੇ ਹਲੀਮੀ ਨਾਲ ਪੇਸ਼ ਆਉਣ।”’’

ਵਿਸ਼ੇਸ਼ ਡੀਜੀਪੀ ਨੇ ਦੱਸਿਆ ਕਿ ਸੂਬੇ ਵਿੱਚ ਦਾਖਲ/ਬਾਹਰ ਜਾਣ ਵਾਲੇ 3760 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 271 ਦੇ ਚਲਾਨ ਕੀਤੇ ਗਏ ਅਤੇ 46 ਨੂੰ ਜ਼ਬਤ ਕੀਤਾ ਗਿਆ। ਪੁਲਿਸ ਨੇ 23 ਐਫਆਈਆਰ ਦਰਜ ਕਰਕੇ 26 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ। ਇਸ ਦੌਰਾਨ ਪੁਲਿਸ ਟੀਮਾਂ ਨੇ 211 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ  ਹੈ।

ਜ਼ਿਕਰਯੋਗ ਹੈ ਕਿ ਅਜਿਹੇ ਆਪ੍ਰੇਸ਼ਨ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਦਰਸਾਉਣ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਵਿੱਚ ਪੁਲਿਸ ਦਾ ਖ਼ੌਫ਼ ਪੈਦਾ ਕਰਨ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਮਦਦਗਾਰ ਹੁੰਦੇ ਹਨ।

LEAVE A REPLY

Please enter your comment!
Please enter your name here