*ਪੀ.ਡੀ.ਐਸ.ਏ. ਪੰਜਾਬ ਦੇ ਮੈਂਬਰ ਇੱਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫ਼ੰਡ ਲਈ ਦੇਣਗੇ*

0
29


ਚੰਡੀਗੜ੍ਹ, 21 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ ):
ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਤੋਂ ਸੇਧ ਲੈਂਦਿਆਂ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਪੰਜਾਬ (ਪੀ.ਡੀ.ਐਸ.ਏ) ਨੇ ਆਪਣੀ ਇੱਕ ਦਿਨ ਦੀ ਤਨਖ਼ਾਹ, ਜੋ ਕੁੱਲ 10 ਲੱਖ ਰੁਪਏ ਬਣਦੀ ਹੈ, ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਦੇਣ ਦਾ ਫ਼ੈਸਲਾ ਕੀਤਾ ਹੈ।
ਦੱਸ ਦੇਈਏ ਕਿ ਖੇਤੀਬਾੜੀ ਮੰਤਰੀ ਨੇ ਇਸੇ ਹਫ਼ਤੇ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਇਮਦਾਦ ਵਜੋਂ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਖੇਤੀਬਾੜੀ ਵਿਕਾਸ ਅਫ਼ਸਰਾਂ ਅਤੇ ਬਾਗ਼ਬਾਨੀ ਵਿਕਾਸ ਅਫ਼ਸਰਾਂ ਦੀ ਸਾਂਝੀ ਨੁਮਾਇੰਦਾ ਸੰਸਥਾ ‘ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ’ ਦੇ ਇੱਕ ਵਫ਼ਦ ਨੇ ਅੱਜ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਖੇਤੀਬਾੜੀ ਮੰਤਰੀ ਵੱਲੋਂ ਸੂਬਾ ਭਰ ਵਿੱਚ ਖੇਤੀਬਾੜੀ ਤੇ ਬਾਗ਼ਬਾਨੀ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਨਵੀਆਂ ਪਹਿਲਕਦਮੀਆਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। 
ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੇ ਮਿਸਾਲੀ ਕੰਮਾਂ ਤੋਂ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ-ਵਸੇਬੇ ਲਈ ਆਪਣਾ ਸਹਿਯੋਗ ਦੇਣ ਲਈ ਸਾਂਝੇ ਤੌਰ ’ਤੇ ਫ਼ੈਸਲਾ ਕੀਤਾ ਹੈ ਕਿ ਐਸੋਸੀਏਸ਼ਨ ਦੇ ਸਮੂਹ ਮੈਂਬਰ, ਜਿਨ੍ਹਾਂ ਵਿੱਚ 500 ਖੇਤੀਬਾੜੀ ਵਿਕਾਸ ਅਫ਼ਸਰ ਅਤੇ ਬਾਗ਼ਬਾਨੀ ਵਿਕਾਸ ਅਫ਼ਸਰ ਸ਼ਾਮਲ ਹਨ, ਆਪਣੀ ਇੱਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਦੇਣਗੇ ਤਾਂ ਜੋ ਇਸ ਨੇਕ ਤੇ ਹਮਦਰਦੀ-ਭਰਪੂਰ ਕਾਰਜ ਰਾਹੀਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹੱਥ ਵਧਾਇਆ ਜਾ ਸਕੇ ਅਤੇ ਲੋਕਾਂ ਦੇ ਮੁੜ-ਵਸੇਬੇ ਦੇ ਯਤਨਾਂ ਵਿੱਚ ਸਹਾਇਤਾ ਕੀਤੀ ਜਾ ਸਕੇ। ਐਸੋਸੀਏਸ਼ਨ ਵੱਲੋਂ ਯੋਗਦਾਨ ਵਜੋਂ ਕੁੱਲ 10 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ ਜਿਸ ਦੀ ਵਰਤੋਂ ਸੂਬਾ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਲੋੜਵੰਦ ਕਿਸਾਨਾਂ ਦੀ ਸਹਾਇਤਾ ਲਈ ਕੀਤੀ ਜਾਵੇਗੀ।
ਪੀ.ਡੀ.ਐਸ.ਏ. ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਏਕੇ ਅਤੇ ਹਮਦਰਦੀ ਨਾਲ ਕੰਮ ਕਰਕੇ ਅਸੀਂ ਸਮੂਹਿਕ ਤੌਰ ’ਤੇ ਚੁਣੌਤੀਆਂ ਉਤੇ ਕਾਬੂ ਪਾਉਣ ਸਣੇ ਸਮਾਜ ਦੀ ਭਲਾਈ ਲਈ ਯੋਗਦਾਨ ਪਾ ਸਕਦੇ ਹਾਂ।
ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸਮੂਹ ਮੈਂਬਰ ਖੇਤੀਬਾੜੀ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਦੀ ਲਗਨ ਅਤੇ ਅਗਵਾਈ ਸਦਕਾ ਉਨ੍ਹਾਂ ਦੀ ਸੰਸਥਾ ਨੂੰ ਇਸ ਨੇਕ ਕਦਮ ਲਈ ਪ੍ਰੇਰਣਾ ਮਿਲੀ ਹੈ।

LEAVE A REPLY

Please enter your comment!
Please enter your name here