ਚੰਡੀਗੜ੍ਹ/ਐਸ.ਏ.ਐਸ. ਨਗਰ, 9 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮੀਟਿਡ (ਪੀ.ਐਸ.ਆਈ.ਈ.ਸੀ.) ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਨਅਤ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਹਾਜ਼ਰੀ ਵਿੱਚ ਮੁਹਾਲੀ ਦੇ ਸਨਅਤੀ ਖੇਤਰ ਫ਼ੇਜ਼-8ਏ ਅਤੇ 8ਬੀ ਦੀ ਸਾਂਭ-ਸੰਭਾਲ ਦਾ ਜ਼ਿੰਮਾ ਨਗਰ ਨਿਗਮ ਮੁਹਾਲੀ ਹਵਾਲੇ ਕਰ ਦਿੱਤਾ।
ਇਸ ਸਬੰਧੀ ਕਰਵਾਏ ਸਮਾਰੋਹ ਦੌਰਾਨ ਸਿਹਤ ਮੰਤਰੀ ਸ. ਸਿੱਧੂ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਸੀ ਕਿਉਂਕਿ ਇਨ੍ਹਾਂ ਸਨਅਤੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੀ ਲੋੜ ਸੀ। ਇਨ੍ਹਾਂ ਖੇਤਰਾਂ ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਭਰੋਸਾ ਜਤਾਇਆ ਕਿ ਨਗਰ ਨਿਗਮ ਹੁਣ ਇਸ ਇਲਾਕੇ ਦੀ ਵੱਡੇ ਪੱਧਰ ਉਤੇ ਕਾਇਆ ਕਲਪ ਕਰੇਗਾ ਅਤੇ ਇਸ ਨੂੰ ਆਦਰਸ਼ ਸਨਅਤੀ ਖੇਤਰ ਵਜੋਂ ਵਿਕਸਤ ਕੀਤਾ ਜਾਵੇਗਾ। ਸਨਅਤ ਤੇ ਵਣਜ ਮੰਤਰੀ ਤੋਂ ਹੋਰ ਫੰਡਾਂ ਦੀ ਮੰਗ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਉਹ ਲੋਕਾਂ ਦੇ ਪਿਆਰ ਸਦਕਾ ਹੀ ਇੱਥੋਂ ਤੱਕ ਪੁੱਜੇ ਹਨ ਅਤੇ ਉਨ੍ਹਾਂ ਨੂੰ ਸਿਆਸਤ ਕਿਸੇ ਵਿਰਾਸਤ ਵਿੱਚ ਨਹੀਂ ਮਿਲੀ, ਸਗੋਂ ਉਨ੍ਹਾਂ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਉਨ੍ਹਾਂ ਲਈ ਇਕ ਪਰਿਵਾਰ ਵਾਂਗ ਹਨ।
ਕੈਬਨਿਟ ਮੰਤਰੀ ਨੇ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਸਦਕਾ ਮੁਹਾਲੀ ਸ਼ਹਿਰ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਚੰਡੀਗੜ੍ਹ ਨੂੰ ਪਿੱਛੇ ਛੱਡ ਦਿੱਤਾ ਹੈ।
ਸਨਅਤ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਵਿਕਾਸ ਦੀ ਇਸ ਲਹਿਰ ਦੀ ਬੇਹੱਦ ਲੋੜ ਸੀ ਅਤੇ ਨਗਰ ਨਿਗਮ ਕੋਲ ਇਨ੍ਹਾਂ ਸਨਅਤੀ ਖੇਤਰਾਂ ਦੀ ਸਾਂਭ-ਸੰਭਾਲ ਲਈ ਚੋਖੇ ਫੰਡ ਮੌਜੂਦ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਸਨਅਤੀ ਗਤੀਵਿਧੀਆਂ ਦਾ ਧੁਰਾ ਬਣ ਰਿਹਾ ਹੈ ਅਤੇ ਜੇ ਅਸੀਂ ਛੇਤੀ ਤੋਂ ਛੇਤੀ ਮੁੱਢਲਾ ਬੁਨਿਆਦੀ ਢਾਂਚਾ ਮੁਹੱਈਆ ਕਰਾਂਗੇ ਤਾਂ ਇਹ ਸ਼ਹਿਰ ਸੂਬੇ ਭਰ ਵਿੱਚੋਂ ਆਪਣੇ ਲਈ ਵੱਡੇ ਸਨਅਤੀ ਸ਼ਹਿਰ ਦਾ ਖ਼ਿਤਾਬ ਹਾਸਲ ਕਰਨ ਦੀ ਸਮਰੱਥਾ ਰੱਖਦਾ ਹੈ।
ਇਸ ਦੌਰਾਨ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਆਪਣੇ ਸਨਅਤੀ ਇਲਾਕਿਆਂ ਨੂੰ ਆਲਮੀ ਤਰਜ਼ ਉਤੇ ਵਿਕਸਤ ਕਰਨ ਦੇ ਖੇਤਰ ਵਿੱਚ ਇਹ ਸ਼ਹਿਰ ਝੰਡਾ ਬਰਦਾਰ ਬਣੇਗਾ। ਨਗਰ ਨਿਗਮ ਕਮਿਸ਼ਨਰ ਕਮਲ ਕੁਮਾਰ ਗਰਗ ਨੇ ਇਨ੍ਹਾਂ ਕੋਸ਼ਿਸ਼ਾਂ ਦੀ ਪ੍ਰੋੜ੍ਹਤਾ ਕਰਦਿਆਂ ਆਖਿਆ ਕਿ ਇਨ੍ਹਾਂ ਖੇਤਰਾਂ ਦੇ ਨਾਲ ਨਾਲ ਸ਼ਹਿਰ ਦੇ ਹੋਰ ਇਲਾਕਿਆਂ ਦੀ ਸਾਂਭ-ਸੰਭਾਲ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਪੀ.ਐਸ.ਆਈ.ਈ.ਸੀ. ਦੀ ਐਮ.ਡੀ. ਨੀਲਿਮਾ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼, ਜਨਰਲ ਸਕੱਤਰ ਰਾਜੀਵ ਗੁਪਤਾ ਅਤੇ ਕਾਰਜਕਾਰਨੀ ਮੈਂਬਰ ਅਨੁਰਾਗ ਅਗਰਵਾਲ ਤੇ ਸੰਜੀਵ ਗਰਗ ਹਾਜ਼ਰ ਸਨ।