ਬੁਢਲਾਡਾ 15 ਮਈ(ਸਾਰਾ ਯਹਾਂ/ਅਮਨ ਮਹਿਤਾ): ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਪੀ ਆਰ ਟੀ ਸੀ ਦੇ ਸਮੂਹ ਕੱਚੇ ਮੁਲਾਜ਼ਮਾਂ ਵਲੋਂ ਡਿਪੂ ਤੇ ਭਰਵੀਆਂ ਗੇਟ ਰੈਲੀ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਗੁਰਸੇਵਕ ਸਿੰਘ ਹੈਪੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਰੋਡਵੇਜ਼, ਪੱਨਬੱਸ ਅਤੇ ਪੀ ਆਰ ਪੀ ਸੀ ਦੇ ਕੱਚੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਨਾਲੋਂ ਵੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਪੰਜਾਬ ਦਾ ਖਜ਼ਾਨਾ ਭਰਨ ਵਾਲੇ ਕਮਾਉ ਮਹਿਕਮੇ ਨੂੰ ਸਰਕਾਰ ਵਲੋਂ ਬੰਦ ਕਰਨ ਦੀਆਂ ਮਾਰੂ ਨੀਤੀਆਂ ਤਹਿਤ ਟਰਾਂਸਪੋਰਟ ਮੁਆਫੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਲਗਾਤਾਰ 14 ਤੋਂ 15 ਸਾਲ ਆਊਟ ਸੋਰਸਿੰਗ ਅਤੇ ਕੰਟਰੈਕਟ ਤੇ ਕੰਮ ਕਰਦਿਆ ਹੋ ਗਿਆ ਹੈ ਪਰ ਇਹਨਾਂ ਨੂੰ ਪੱਕਾ ਕਰਨਾ ਤਾਂ ਇੱਕ ਪਾਸੇ ਕਰੋਨਾ ਮਹਾਂਮਾਰੀ ਵਿੱਚ ਡਿਊਟੀਆਂ ਨਿਭਾਉਂਦੇ ਸਮੇਂ ਜਾਨਾਂ ਕੁਰਬਾਨ ਕਰ ਚੁੱਕੇ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਕਮੇਟੀ ਮੈਂਬਰ ਰਮਨਦੀਪ ਸਿੰਘ, ਦੀਪਕ ਪਾਲ, ਸਤਪਾਲ ਸਿੰਘ,ਸਤਿਗੁਰ ਸਿੰਘ,ਕਾਬੁਲ ਸਿੰਘ, ਆਗੂਆਂ ਨੇ ਕਿਹਾ ਕਿ ਫ੍ਰੀ ਸਫ਼ਰ ਸਹੂਲਤਾਂ ਮੁਹੱਈਆ ਕਰਵਾਉਣ ਦਾ ਫੈਸਲਾ ਕੇਵਲ ਜੁਮਲੇਬਾਜੀ ਹੈ ਕਿਉਂਕਿ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਕੋਲ ਬੱਸਾਂ ਤਾਂ ਨਾਮਾਤਰ ਰਹਿ ਗਈਆਂ ਹਨ ਜੇਕਰ ਸਹੂਲਤਾਂ ਦੇਣੀਆਂ ਹਨ ਤਾਂ ਘੱਟੋ ਘੱਟ 10,000 ਬੱਸਾਂ ਨਵੀਆਂ ਪਾਈਆਂ ਜਾਣ ਪਰ ਸਰਕਾਰ ਵਲੋਂ ਤਾ ਸਰਕਾਰੀ ਖਜ਼ਾਨੇ ਵਿਚੋਂ ਕੋਈ ਬਜ਼ਟ ਜਾ ਫ੍ਰੀ ਸਫ਼ਰ ਸਹੂਲਤਾਂ ਦੇ ਪੈਸੇ ਮਹਿਕਮੇ ਨੂੰ ਨਹੀਂ ਦਿੱਤੇ ਜਾ ਰਹੇ ਉਲਟਾ ਮਹਿਕਮੇ ਵਲੋਂ ਡੀਜ਼ਲ ਤੱਕ ਖ਼ਤਮ ਹੋਣ ਅਤੇ ਤਨਖ਼ਾਹ ਦੇ ਖ਼ਤਰੇ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦੂਜੇ ਪਾਸੇ ਪ੍ਰਾਈਵੇਟ ਕੰਪਨੀ ਦੀਆਂ ਨਜਾਇਜ਼ ਬੱਸਾਂ ਦਾ ਧੜਾਧੜ ਭਰ ਕੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਾਣਾ ਤੇ ਸਰਕਾਰੀ ਟਰਾਂਸਪੋਰਟ ਵਿੱਚ 50 ਫੀਸਦੀ ਸਵਾਰੀਆਂ ਉਹਨਾਂ ਵਿੱਚ ਵੀ ਸਟੂਡੈਂਟਸ, ਅੰਗਹੀਣ, ਪੁਲਿਸ ਮੁਲਾਜ਼ਮ, ਸੁਤੰਤਰਤਾ ਸੰਗਰਾਮੀ, ਪੱਤਰਕਾਰ ਭਾਈਚਾਰੇ,ਕੈਂਸਰ ਪੀੜਤਾਂ,ਐਮ ਐਲ ਏ, ਐਮ ਪੀ,ਆਦਿ 17 ਕੈਟਾਗਰੀ ਪਹਿਲਾਂ ਹੀ ਫ੍ਰੀ ਸਨ ਤੇ ਹੁਣ ਔਰਤਾਂ ਨੂੰ 100 ਫੀਸਦੀ ਫ੍ਰੀ ਸਫ਼ਰ ਸਹੂਲਤਾਂ ਦੇਣਾ ਸ਼ਾਮਿਲ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਖ਼ਿਲਾਫ਼ ਜਨਤਾ ਦੇ ਆਪਣੇ ਮਹਿਕਮੇ ਨੂੰ ਬਚਾਉਣ ਅਤੇ ਵਰਕਰਾਂ ਨੂੰ ਉਹਨਾਂ ਦੇ ਬਣਦੇ ਹੱਕ ਦੁਆਉਣ ਲਈ ਪਨਬੱਸ ਅਤੇ ਪੀ ਆਰ ਟੀ ਸੀ ਦੇ ਸਮੂੰਹ ਕੱਚੇ ਵਰਕਰਾਂ ਵਲੋਂ ਜਨਤਾ ਦੀਆਂ ਸਹੂਲਤਾਂ ਅਤੇ ਆਪਣੀਆਂ ਮੰਗਾਂ ਜਿਵੇ ਕਿ ਸਰਕਾਰੀ ਟਰਾਂਸਪੋਰਟ ਵਿਭਾਗ ਵਿੱਚ 10,000 ਬੱਸਾਂ ਪਾਉਣ, *ਪਨਬੱਸ ਅਤੇ ਪੀ ਆਰ ਟੀ ਸੀ ਦੇ ਸਮੂੰਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ, ਪੀ ਆਰ ਟੀ ਸੀ ਦੇ ਨਵੇਂ ਠੇਕੇਦਾਰ ਦਾ ਐਗਰੀਮੈਂਟ ਰੱਦ ਕਰਨ,ਰਿਪੋਰਟਾਂ ਦੀਆਂ ਕੰਡੀਸ਼ਨਾ 18 ਜੁਲਾਈ 2017 ਨੂੰ ਰੱਦ ਕਰਕੇ ਡਿਊਟੀ ਤੋਂ ਫਾਰਗ ਮੁਲਾਜ਼ਮਾਂ ਨੂੰ ਬਹਾਲ ਕਰਨ,* ਆਦਿ ਮੰਗਾਂ ਦੀ ਪੂਰਤੀ ਲਈ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਹੋਇਆ ਹੈ।਼ ਜਿਸ ਵਿੱਚ ਅੱਜ 15 ਮਈ ਤੋਂ ਲੈ ਕੇ 30 ਜੂਨ ਤੱਕ ਸੰਘਰਸ਼ ਦੀ ਰੂਪ ਰੇਖਾ ਜਾਰੀ ਕੀਤੀ ਗਈ ਅਤੇ ਤਿੱਖੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ।