
ਮਾਨਸਾ, 16 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) : ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਸਿੰਘ ਨੇ ਜ਼ੂਮ ਐਪ ਰਾਹੀਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਘਰੇਲੂ ਹਿੰਸਾ ਵਿਰੁੱਧ ਕਾਨੂੰਨੀ ਲੜਾਈ ਲੜਨ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨੋਡਲ ਅਫ਼ਸਰ ਐਡਵੋਕੇਟ ਬਲਵੰਤ ਭਾਟੀਆ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਮੂਲੀਅਤ ਵਾਲੇ ਇਸ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਬੱਚਿਆਂ ਦੇ ਯੌਨ ਸ਼ੋਸ਼ਣ ਤੋਂ ਰੋਕਥਾਮ ਸਬੰਧੀ ਪੋਕਸੋ ਐਕਟ-2005 ਦੇ ਹਵਾਲੇ ਨਾਲ ਨਾਬਾਲਗ ਲੜਕੇ ਅਤੇ ਲੜਕੀਆਂ ਨੂੂੰ ਦਰਪੇਸ਼ ਗੰਭੀਰ ਸਮੱਸਿਆਵਾਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬੱਚੇ ਬਿਨਾਂ ਕਿਸੇ ਡਰ ਭੈਅ ਤੋਂ ਇਨ੍ਹਾਂ ਮਾਮਲਿਆਂ ਨੂੰ ਉਜਾਗਰ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨ ਦਾ ਸਾਥ ਦੇਣ।
ਵੈਬੀਨਾਰ ਵਿਚ ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈ ਕੇ, ਸਰਦੂਲਗੜ੍ਹ, ਰੰਘੜਿਆਲ, ਅੱਕਾਂਵਾਲੀ, ਦਾਤੇਵਾਸ, ਮੀਰਪੁਰ ਕਲਾਂ, ਭੀਖੀ ਅਤੇ ਜੋਗਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।
ਵੈਬੀਨਾਰ ਦਾ ਸੰਚਾਲਨ ਸੰਜੀਵ ਕੁਮਾਰ, ਬੂਟਾ ਸਿੰਘ ਪੀ.ਐਲ.ਵੀ., ਹੰਸ ਰਾਜ, ਪ੍ਰਿੰਸ ਕੁਮਾਰ ਅਤੇ ਕੁਲਦੀਪ ਸ਼ਰਮਾ ਨੇ ਕੀਤਾ।
