ਬੋਹਾ 25ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਪਿੰਡ ਭੀਮੜਾ ਅਤੇ ਹਾਕਮਵਾਲਾ ਨੂੰ ਸਪਲਾਈ ਹੋਣ ਵਾਲੇ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦੀ ਮਿਲਾਵਟ ਦਾ ਮਸਲਾ ਹੱਲ ਹੋਣ ਦਾ ਨਾਮ ਨਹੀਂ ਲੈ ਰਿਹਾ।ਇਸ ਸੰਬੰਧੀ ਉਕਤ ਪਿੰਡਾਂ ਦੇ ਲੋਕਾਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਦੋ ਦਿਨਾ ਧਰਨਾ ਵੀ ਲਗਾਇਆ ਸੀ ਜਿਸ ਉਪਰੰਤ ਉੱਚ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਏ ਜਾਣ ਉਪਰੰਤ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ ਸੀ ਅਤੇ 25 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਸੀ।ਜ਼ਿਕਰਯੋਗ ਹੈ ਕਿ ਪਿੰਡ ਭੀਮੜਾ ਤੇ ਹਾਕਮਵਾਲਾ ਨੂੰ ਸੂਏ ਰਾਹੀਂ ਸਪਲਾਈ ਹੋਣ ਵਾਲੇ ਪਾਣੀ ਵਿੱਚ ਬੋਹਾ ਦੀ ਇੱਕ ਬਸਤੀ ਵੱਲੋਂ ਘਰਾਂ ਦਾ ਦੂਸ਼ਿਤ ਪਾਣੀ ਮਿਲਾਇਆ ਜਾ ਰਿਹਾ ਹੈਜਿਸ ਕਾਰਨ ਉਕਤ ਪਿੰਡਾਂ ਦੇ ਲੋਕ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਸੇ ਸਮੱਸਿਆ ਨੂੰ ਲੈ ਕੇ ਦੋਵਾਂ ਪਿੰਡ ਨਿਵਾਸੀਆਂ ਵੱਲੋਂ ਸੰਘਰਸ਼ ਵਿੱਢਿਆ ਹੋਇਆ ਹੈ ਪਰ ਲੰਬਾ ਸਮਾਂ ਸੰਘਰਸ਼ ਹੋਣ ਦੇ ਬਾਵਜੂਦ ਹਾਲੇ ਤੱਕ ਪਿੰਡ ਨਿਵਾਸੀਆਂ ਨੂੰ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਿਆ ।ਇਸ ਸੰਬੰਧੀ ਅੱਜ ਦੋਵਾਂ ਪਿੰਡਾਂ ਦੀ ਮੀਟਿੰਗ ਗੁਰਦੁਆਰਾ ਪਿੰਡ ਹਾਕਮਵਾਲਾ ਵਿਖੇ ਕੀਤੀ ਗਈ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਮੌਕੇ ਫੈਸਲਾ ਕੀਤਾ ਗਿਆ ਕਿ ਦੋਵੇਂ ਪਿੰਡਾਂ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਐਸਡੀਐਮ ਬੁਢਲਾਡਾ ਨੂੰ ਮਿਲਣਗੇ ਅਤੇ ਜੇਕਰ ਫਿਰ ਵੀ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਹ ਮੁੜ ਸੰਘਰਸ਼ ਦੇ ਰਾਹ ਤੇ ਤੁਰਨ ਲਈ ਮਜਬੂਰ ਹੋਣਗੇ।ਪੰਜਾਬ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਜਗਵੀਰ ਸਿੰਘ ਹਾਕਮਵਾਲਾ ਨੇ ਆਖਿਆ ਕਿ ਉੱਚ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਸੂਏ ਵਿੱਚ ਗੰਦਾ ਪਾਣੀ ਮਿਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ ਪਰ ਹਾਲੇ ਤੱਕ ਕਿਸੇ ਵੀ ਵਿਅਕਤੀ ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਹਾਲਾਤ ਇਹ ਹਨ ਕਿ ਹੁਣ ਬਰਸਾਤ ਦਾ ਪਾਣੀ ਅਤੇ ਘਰਾਂ ਦਾ ਹੋਰ ਗੰਦਾ ਪਾਣੀ ਸਿੱਧਾ ਸੂਏ ਵਿੱਚ ਪੈ ਰਿਹਾ ਹੈ ਇੱਥੇ ਹੀ ਬਸ ਨਹੀਂ ਲੋਕ ਆਪਣੇ ਕੱਪੜੇ ਧੋਣ ਅਤੇ ਪਸ਼ੂਆਂ ਨੂੰ ਪਾਣੀ ਪਿਲਾਉਣ ਤੋਂ ਬਾਜ਼ ਨਹੀਂ ਆ ਰਹੇ ਕਿਸਾਨ ਆਗੂਆਂ ਨੇ ਆਖਿਆ ਕਿ ਜੇਕਰ ਦੂਸ਼ਤ ਪਾਣੀ ਮਿਲਾਉਣ ਵਾਲੇ ਵਿਅਕਤੀ ਉੱਪਰ ਕਾਰਵਾਈ ਹੀ ਨਾ ਹੋਈ ਤਾਂ ਸੰਯੁਕਤ ਮੋਰਚੇ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।ਇਸ ਮੌਕੇ ਪਲਵਿੰਦਰ ਸਿੰਘ ਸਰਪੰਚ ਹਾਕਮਵਾਲਾ ਜਸਬੀਰ ਸਿੰਘ ਸਰਪੰਚ ਭੀਮੜਾ ਬਲਵਿੰਦਰ ਸਿੰਘ ਸਾਬਕਾ ਪੰਚ ਬਬਲੀ ਸਿੰਘ ਪੰਚ ਰਾਜਵਿੰਦਰ ਸਿੰਘ ਪੰਚ ਗੁਰਮੇਲ ਸਿੰਘ ਮੇਲਾ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਕਰਨ ਸਿੰਘ ਟਹਿਲ ਸਿੰਘ ਸਾਬਕਾ ਪੰਚ ਆਦਿ ਮੌਜੂਦ ਸਨ ।