
ਸਰਦੂਲਗੜ/ਝੁਨੀਰ 4 ਜੂਨ (ਸਾਰਾ ਯਹਾਂ/ਬਲਜੀਤ ਪਾਲ): ਪਿੰਡ ਭੰਮੇ ਖੁਰਦ ਦੇ ਵਾਸੀਆਂ ਵੱਲੋਂ ਧਰਨਾ ਲਗਾ ਕੇ ਮਾਨਸਾ ਸਿਰਸਾ ਨੈਸ਼ਨਲ ਕੌਮੀ ਮਾਰਗ ਜਾਮ ਕਰ ਦਿੱਤਾ। ਧਰਨੇ ਦੌਰਾਨ ਉਨ੍ਹਾਂ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਪਿੰਡ ਭੰਮੇ ਖੁਰਦ ਦੇ ਨੌਜਵਾਨ ਰਾਮ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਬੁੱਧਵਾਰ ਦੀ ਰਾਤ ਨੂੰ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕਸ਼ੀ ਕਰ ਲਈ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਕੁਝ ਵਿਅਕਤੀਆਂ ਦੇ ਖ਼ਿਲਾਫ਼ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਆਡੀਓ ਰਿਕਾਰਡਿੰਗ ਕਰਕੇ ਗੰਭੀਰ ਦੋਸ਼ ਲਗਾਏ ਸਨ। ਰਾਮ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦਾ ਸਸਕਾਰ ਕਰਨ ਦੀ ਬਜਾਏ ਸਮੂਹ ਪਿੰਡ ਵਾਸੀਆਂ, ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਉਸ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਮਾਨਸਾ-ਸਿਰਸਾ ਕੌਮੀ ਮਾਰਗ ਤੇ ਧਰਨਾ ਲਗਾ ਕੇ ਉਸ ਨੂੰ ਜਾਮ ਕਰ ਦਿੱਤਾ। ਧਰਨਾਕਾਰੀ ਮੰਗ ਕਰ ਰਹੇ ਹਨ ਕਿ ਰਾਮ ਸਿੰਘ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲਸ ਨੇ ਬੇਸ਼ੱਕ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਪਰ ਪੁਲੀਸ ਨੇ ਅਜੇ ਤਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਪਾਈ। ਉਨ੍ਹਾਂ ਮੰਗ ਕੀਤੀ ਕਿ ਪੁਲਸ ਵੱਲੋਂ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਸੁੱਟਿਆ ਜਾਵੇ। ਖ਼ਬਰ ਲਿਖੇ ਜਾਣ ਤੱਕ ਧਰਨਾਕਾਰੀਆਂ ਵੱਲੋਂ ਧਰਨਾ ਜਾਰੀ ਸੀ। ਇਹ ਕੌਮੀ ਮਾਰਗ ਜਾਮ ਹੋਣ ਕਰਕੇ ਇਸ ਰਸਤਿਓਂ ਲੰਘਣ ਵਾਲੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵੱਡੀਆਂ ਗੱਡੀਆਂ ਅਤੇ ਟਰੱਕਾਂ ਆਦਿ ਦਾ ਸੜਕ ਤੇ ਲੰਮਾ ਜਾਮ ਵੇਖਣ ਨੂੰ ਮਿਲਿਆ।
ਕੈਪਸ਼ਨ: ਭੰਮੇ ਖੁਰਦ ਵਿਖੇ ਧਰਨਾ ਲਾ ਕੇ ਜਾਮ ਕੀਤਾ ਮਾਨਸਾ-ਸਿਰਸਾ ਕੌਮੀ ਮਾਰਗ ਦਾ ਦ੍ਰਿਸ਼।
