ਫਗਵਾੜਾ 23 ਦਸੰਬਰ (ਸਾਰਾ ਯਹਾਂ/ਸ਼ਿਵ ਕੌੜਾ) ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਦਿਆਂ ਤੇ ਚਮਕੌਰ ਦੀ ਜੰਗ ‘ਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਨਿੱਘੀ ਯਾਦ ‘ਚ 10 ਰੋਜਾ ਸਲਾਨਾ ਧਾਰਮਿਕ ਸਮਾਗਮ ‘ਸਫਰ-ਏ-ਸ਼ਹਾਦਤ’ ਪਿੰਡ ਲੱਖਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਹਿਸੀਲ ਫਗਵਾੜਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਤਾਰ ਜਾਰੀ ਹੈ। ਸਮਾਗਮ ਦੇ ਤੀਸਰੇ ਦਿਨ ਹੈੱਡ ਗ੍ਰੰਥੀ ਭਾਈ ਰੌਣਕ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਹਾਜਰ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਸਾਹਿਬਜਾਦਿਆਂ ਦੀ ਲਸਾਨੀ ਕੁਰਬਾਨੀ ਅਤੇ ਚਮਕੌਰ ਦੀ ਇਤਿਹਾਸਕ ਜੰਗ ਬਾਰੇ ਜਾਣੂ ਕਰਵਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ 30 ਦਸੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਸ਼ਾਮ ਨੂੰ 5.30 ਤੋਂ 7.00 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। ਸਮਾਗਮ ਦੇ ਆਖਰੀ ਦਿਨ 30 ਦਸੰਬਰ ਨੂੰ ਭਾਈ ਬੇਅੰਤ ਸਿੰਘ ਅਤੇ ਸਾਥੀ ਫਗਵਾੜਾ ਵਾਲੇ ਸੰਗਤਾਂ ਦੇ ਰੂ-ਬ-ਰੂ ਹੋਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਨਗਰ ਦੀਆਂ ਸੰਗਤਾਂ ਹਾਜਰ ਸਨ।