ਮਾਨਸਾ12 ਨਵੰਬਰ (ਸਾਰਾ ਯਹਾ /ਬਪਸ): ਹਲਕਾ ਸਰਦੂਲਗੜ੍ਹ ਦੇ ਪਿੰਡ ਫਤਿਹਪੁਰ ਵਿੱਚ ਮਨਰੇਗਾ ਸਕੀਮ ਦੇ ਤਹਿਤ ਹੋ ਰਹੇ ਘੱਪਲੇ ਦਾ ਮੁੱਦਾ ਚੰਡੀਗੜ੍ਹ ਪੁੱਜ ਗਿਆ ਹੈ। ਪਿੰਡ ਫਤਿਹਪੁਰ ਦੇ ਕੁਝ ਵਿਅਕਤੀਆਂ ਵੱਲੋ ਪਿੰਡ ਚ ਮਗਨਰੇਗਾ ਤਹਿਤ ਹੋਣ ਵਾਲੇ ਕੰਮਾਂ ਚ ਹੋ ਰਹੀ ਘਪਲੇਬਾਜੀ ਸੰਬੰਧੀ ਸੰਬੰਧਤ ਮਹਿਕਮੇ ਅਤੇ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ ਸੀ ਪਰ ਕਿਸੇ ਵੱਲੋਂ ਕੋਈ ਵੀ ਕਾਰਵਾਈ ਅਮਲ ਚ ਨਾ ਲਿਆਉਣ ਤੇ ਉਨ੍ਹਾਂ ਵੱਲੋ ਇਸ ਮਾਮਲੇ ਦੀ ਪਟੀਸ਼ਨ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਵਿਖੇ ਨੰਬਰ 9084/11/2020 ਰਾਹੀਂ ਪਾਈ ਸੀ। ਪਟੀਸ਼ਨ ਕਰਤਾਵਾਂ ਦੇ ਵਕੀਲ ਐਡਵੋਕੇਟ ਨਵਰਾਜ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੀ ਪੰਚਾਇਤ ਤੇ ਪੰਚਾਇਤ ਵਿਭਾਗ ਦੇ ਕਰਮਚਾਰੀ ਮਗਨਰੇਗਾ ਸਕੀਮ ਦੇ ਤਹਿਤ ਹੋਣ ਵਾਲੇ ਕੰਮਾਂ ਚ ਘਪਲੇਬਜ਼ੀ ਕਰ ਰਹੇ ਹਨ। ਜਿਸ ਕਰਕੇ ਪਿੰਡ ਚ ਪਟੀਸ਼ਨ ਕਰਤਾਵਾਂ ਤੇ ਉਹਨਾਂ ਦੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਕੇਸ ਸਬੰਧੀ ਮਾਣਯੋਗ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਚੰਡੀਗੜ੍ਹ ਨੇ ਮਾਣਯੋਗ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਾਮਲੇ ਦੀ ਸੁਣਵਾਈ ਕਰਕੇ ਕਥਿਤ ਦੋਸ਼ੀਆ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਭ੍ਰਿਸਟਾਚਾਰ ਸਬੰਧੀ ਪਟੀਸ਼ਨ ਕਰਤਾਵਾਂ ਨੇ ਪਹਿਲਾਂ ਹੀ ਆਰ.ਟੀ.ਆਈ. ਅੈਕਟ 2005 ਦੇ ਤਹਿਤ ਜਾਣਕਾਰੀ ਮੰਗੀ ਸੀ। ਇਸ ਤੋਂ ਬਾਅਦ ਜਵਾਬਦੇਹ ਪਾਰਟੀ ਵਿਰੋਧੀ ਧਿਰ ਪਿੰਡ ਦੇ ਸਰਪੰਚ-ਪੰਚ ਅਤੇ ਗ੍ਰਾਮ ਸੇਵਕ ਝੁਨੀਰ ਨੇ ਪਟੀਸ਼ਨ ਕਰਤਾ ਨੂੰ ਤੰਗ ਕਰਨਾ ਤੇ ਜਾਤੀ ਸੂਚਕ ਸ਼ਬਦ ਬੋਲਣ ਲਗੇ। ਪਟੀਸ਼ਨ ਕਰਤਾਵਾਂ ਦੇ ਵਕੀਲ ਨਵਰਾਜ ਸਿੰਘ ਨੇ ਇਹ ਵੀ ਦੱਸਿਆ ਕਿ ਮਨਰੇਗਾ ਸਕੀਮ ਦੇ ਫੰਡਾਂ ਤੇ ਕੰਮ ਕਰ ਰਹੇ ਕਰਮਚਾਰੀ ਮਨਰੇਗਾ ਕਾਨੂੰਨ ਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਦੀ ਕਿਵੇਂ ਉਲੰਘਣਾ ਕਰ ਰਹੇ ਹਨ।