
(ਸਾਰਾ ਯਹਾਂ/ਬੀਰਬਲ ਧਾਲੀਵਾਲ ) : ਮਾਨਸਾ ਸਾਇਕਲ ਗਰੁੱਪ ਵਲੋਂ ਸਮੇਂ ਸਮੇਂ ਤੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਜਾਂਦਾ ਹੈ ਇਸੇ ਲੜੀ ਤਹਿਤ ਅੱਜ ਡਾਕਟਰ ਜਨਕ ਰਾਜ ਸਿੰਗਲਾ ਦੀ ਅਗਵਾਈ ਹੇਠ ਪਿੰਡ ਨੰਗਲ ਕਲਾਂ ਦੀ ਹੁਸਨਜੋਤ ਕੌਰ ਦਾ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾਂ ਅਤੇ ਟੋਨੀ ਸ਼ਰਮਾ ਨੇ ਦੱਸਿਆ ਕਿ ਹੁਸਨਜੋਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਬਾਰਵੀਂ ਜਮਾਤ ਦੀ ਪ੍ਰੀਖਿਆ ਚ ਪੰਜਾਬ ਭਰ ਵਿੱਚ ਦਸਵਾਂ ਸਥਾਨ ਹਾਸਲ ਕੀਤਾ ਹੈ ਉਨ੍ਹਾਂ ਦੱਸਿਆ ਕਿ ਇਹ ਇੱਕ ਬੱਚੀ ਸਧਾਰਨ ਪਰਿਵਾਰ ਨਾਲ ਸਬੰਧਤ ਹੈ ਅਤੇ ਇਸ ਦੇ ਪਿਤਾ ਜੀ ਦਿਹਾੜੀਦਾਰ ਹਨ।ਡਾਕਟਰ ਜਨਕ ਰਾਜ ਸਿੰਗਲਾ ਨੇ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਅਜਿਹੇ ਸਧਾਰਨ ਪਰਿਵਾਰਾਂ ਦੇ ਬੱਚੇ ਵੱਡੀਆਂ ਪ੍ਰਾਪਤੀਆਂ ਕਰਦੇ ਹਨ ਤਾਂ ਖੁਸ਼ੀ ਕਈ ਗੁਣਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਮਤੌਰ ਤੇ ਘਰਾਂ ਵਿੱਚ ਲੜਕੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਨਮਾਨ ਦਿੱਤਾ ਜਾਂਦਾ ਹੈ ਅਤੇ ਅੱਜ ਸਮੇਂ ਵਿੱਚ ਲੜਕੀਆਂ ਮਾਂ ਬਾਪ ਦਾ ਨਾਮ ਰੌਸ਼ਨ ਕਰ ਰਹੀਆਂ ਹਨ।ਨੰਗਲ ਸਕੂਲ ਦੇ ਰਿਟਾਇਰਡ ਲੈਕਚਰਾਰ ਪਰਾਗ ਸਿੰਗਲਾ ਨੇ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਪੜਾਉਣਾ ਚਾਹੀਦਾ ਹੈ। ਮੈਡਮ ਹੇਮਾਂ ਗੁਪਤਾ ਨੇ ਕਿਹਾ ਕਿ ਲੜਕੀਆਂ ਨੂੰ ਅੱਗੇ ਵਧਣ ਲਈ ਸਮਾਜ ਵਿੱਚ ਲੜਕਿਆਂ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਸਕੇ।ਬਲਵੀਰ ਸਿੰਘ ਅਗਰੋਈਆ ਅਤੇ ਬਾਬੂ ਕਿ੍ਸ਼ਨ ਗਰਗ ਨੇ ਦੱਸਿਆ ਕਿ ਇਸ ਬੱਚੀ ਨੂੰ ਮਾਨਸਾ ਸਾਇਕਲ ਗਰੁੱਪ ਵਲੋਂ 5100 ਰੁਪਏ ਨਕਦ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਕਟਰ ਵਰੁਣ ਮਿੱਤਲ, ਡੀ.ਸੀ.ਐਫ.ਏ.ਅਸ਼ਵਨੀ ਜਿੰਦਲ, ਲੈਕਚਰਾਰ ਹੇਮਾਂ ਗੁਪਤਾ,ਜਗਤ ਰਾਮ ਗਰਗ, ਸੋਹਣ ਲਾਲ, ਸੰਜੀਵ ਕੁਮਾਰ, ਰਾਧੇ ਸ਼ਿਆਮ, ਟੋਨੀ ਸ਼ਰਮਾ,ਕਿ੍ਸ਼ਨ ਗਰਗ, ਬਲਵੀਰ ਅਗਰੋਈਆ,ਸੰਭਵ ਜਿੰਦਲ, ਰਿਟਾਇਰਡ ਸੁਖਦੀਪ ਸਿੰਘ ਸਮੇਤ ਮੈਂਬਰ ਹਾਜ਼ਰ ਸਨ।
