
ਚੰਡੀਗੜ/ ਢੁੱਡੀਕੇ (ਮੋਗਾ), 1 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) – ਦੇਸ ਦੀ ਆਜਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪਿੰਡ ਢੁੱਡੀਕੇ ਦੇ ਨੌਜਵਾਨ ਹੁਣ ਖੇਡਾਂ ਦੇ ਖੇਤਰ ਵਿਚ ਵੀ ਦੇਸ ਦਾ ਨਾਮ ਅੰਤਰਰਾਸ਼ਟਰੀ ਪੱਧਰ ਉੱਤੇ ਚਮਕਾਉਣਗੇ। ਪੰਜਾਬ ਸਰਕਾਰ ਵੱਲੋਂ ਇਸ ਪਿੰਡ ਦੀ ਇਤਿਹਾਸਕ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਇੱਥੇ ਅੰਤਰਰਾਸਟਰੀ ਪੱਧਰ ਦਾ ਐਸਟ੍ਰੋਟਰਫ ਹਾਕੀ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ। ਇਹ ਐਸਟ੍ਰੋਟਰਫ ਹਾਲੈਂਡ ਦੀ ਪ੍ਰਸਿੱਧ ਕੰਪਨੀ ਗਰੀਨ ਫੀਲਡ ਵੱਲੋਂ ਸਥਾਪਤ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਰੱਖਿਆ ਗਿਆ। ਇਸ ਮੌਕੇ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ, ਸਾਬਕਾ ਵਿਧਾਇਕ ਸ੍ਰੀਮਤੀ ਰਾਜਵਿੰਦਰ ਕੌਰ ਭਾਗੀਕੇ, ਡਿਪਟੀ ਕਮਿਸਨਰ ਸ੍ਰੀ ਸੰਦੀਪ ਹੰਸ, ਐੱਸ ਡੀ ਐੱਮ ਸ੍ਰ ਸਤਵੰਤ ਸਿੰਘ, ਜ਼ਿਲਾ ਪ੍ਰੀਸਦ ਮੈਂਬਰ ਸ੍ਰ ਜਗਰੂਪ ਸਿੰਘ ਤਖਤੂਪੁਰਾ, ਜਲਿਾ ਖੇਡ ਅਫਸਰ ਸ੍ਰ ਬਲਵੰਤ ਸਿੰਘ, ਸ੍ਰ ਰਣਜੀਤ ਸਿੰਘ ਧੰਨਾ, ਸਰਪੰਚ ਸ੍ਰ ਜਸਵੀਰ ਸਿੰਘ, ਹਾਕੀ ਕੋਚ ਸ੍ਰ ਕੁਲਵੰਤ ਸਿੰਘ ਪੰਨੂ ਅਤੇ ਹੋਰ ਵੀ ਹਾਜਰ ਸਨ।

ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪਿੰਡ ਢੁੱਡੀਕੇ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੀ ਇਹ ਐਸਟ੍ਰੋਟਰਫ ਅਗਲੇ 7 ਮਹੀਨੇ ਵਿੱਚ ਮੁਕੰਮਲ ਕਰ ਲਈ ਜਾਵੇਗੀ। ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਅੰਤਰਰਾਸਟਰੀ ਕੱਦ ਵਾਲਾ ਕੋਚ ਵੀ ਨਿਯੁਕਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਵਿੱਚ ਫਿਰੋਜਪੁਰ, ਗੁਰਦਾਸਪੁਰ ਅਤੇ ਜਲੰਧਰ ਵਿਖੇ ਵੀ ਐਸਟ੍ਰੋਟਰਫ ਵਿਛਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 4 ਸਿੰਥੈਟਿਕ ਟਰਫਾਂ ਵੀ ਲਗਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਕਈ ਮਹੀਨੇ ਪਹਿਲਾਂ ਪਿੰਡ ਢੁੱਡੀਕੇ ਆਏ ਸੀ ਤਾਂ ਦੇਖਿਆ ਕਿ ਇਸ ਖੇਡ ਮੈਦਾਨ ਦੇ ਹਾਲਾਤ ਬਹੁਤ ਮਾੜੇ ਸਨ। ਜਿਸ ਕਰਕੇ ਉਹਨਾਂ ਉਸੇ ਦਿਨ ਹੀ ਇਸ ਦੀ ਕਾਇਆ ਕਲਪ ਕਰਨ ਬਾਰੇ ਸੋਚ ਲਿਆ ਸੀ।
ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਪਿਛਲੇ ਲੰਮੇ ਸਮੇਂ ਤੋਂ ਲਟਕਿਆ ਹੋਇਆ ਸੀ, ਜੌ ਕਿ ਹੁਣ ਜੰਗੀ ਪੱਧਰ ਉੱਤੇ ਪੂਰਾ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਖੇਤਰ ਦੇ ਨੌਜਵਾਨਾਂ ਵਿਚ ਖੇਡਣ ਪ੍ਰਤੀ ਲਗਾਓ ਤਾਂ ਹੈ ਪਰ ਸਾਧਨ ਨਹੀਂ ਸਨ। ਹੁਣ ਇਹ ਐਸਟ੍ਰੋਟਰਫ ਚਾਲੂ ਹੋਣ ਨਾਲ ਜ਼ਿਲਾ ਮੋਗਾ ਦੇ ਨੌਜਵਾਨਾਂ ਨੂੰ ਬਹੁਤ ਲਾਭ ਮਿਲੇਗਾ ਅਤੇ ਉਹਨਾਂ ਨੂੰ ਅੰਤਰਰਾਸਟਰੀ ਪੱਧਰ ਉੱਤੇ ਖੇਡਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਉਹਨਾਂ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਮੰਗ ਉੱਤੇ ਐਲਾਨ ਕੀਤਾ ਕਿ ਸਹਿਰ ਮੋਗਾ ਵਿੱਚ ਅੰਤਰਰਾਸਟਰੀ ਪੱਧਰ ਸਵੀਮਿੰਗ ਪੂਲ ਬਣਾਇਆ ਜਾਵੇਗਾ। ਉਹਨਾਂ ਭਰੋਸਾ ਦਿੱਤਾ ਕਿ ਮੋਗਾ ਵਿੱਚ ਪਹਿਲਾਂ ਹੀ ਮੌਜੂਦ ਇਨਡੋਰ ਸਟੇਡੀਅਮ ਚੱਲਦਾ ਕੀਤਾ ਜਾਵੇਗਾ, ਜਿਸ ਲਈ ਗਮਾਡਾ ਨੂੰ ਕਿਹਾ ਗਿਆ ਹੈ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਸ੍ਰ ਸੋਢੀ ਨੇ ਕਿਹਾ ਕਿ ਸੂਬੇ ਵਿੱਚ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਖੇਡ ਵਿੰਗ ਵਕਤੀ ਤੌਰ ਉੱਤੇ ਬੰਦ ਕੀਤੇ ਗਏ ਸਨ, ਜਿਹਨਾਂ ਨੂੰ ਹਾਲਾਤ ਠੀਕ ਹੋਣ ਉੱਤੇ ਤੁਰੰਤ ਚਾਲੂ ਕਰ ਦਿੱਤਾ ਜਾਵੇਗਾ। ਵਿੰਗਾਂ ਵਿੱਚ ਕੋਚ ਲਗਾਏ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਅਤੇ ਖਿਡਾਰੀਆਂ ਦਾ ਪੱਧਰ ਉੱਚਾ ਚੁੱਕਣ ਲਈ ਲਈ ਉਪਰਾਲੇ ਕੀਤੇ ਹਨ, ਜਿਸ ਵਿਚ ਨਵੀਂ ਖੇਡ ਨੀਤੀ, ਨਕਦ ਇਨਾਮ, ਮਹਾਰਾਜ ਰਣਜੀਤ ਸਿੰਘ ਐਵਾਰਡ ਨੂੰ ਮੁੜ ਚਾਲੂ ਕਰਨ ਦੇ ਨਾਲ ਨਾਲ ਖਿਡਾਰੀਆਂ ਨੂੰ ਉੱਚ ਪੱਧਰ ਦੀ ਸਿਖਲਾਈ ਦੇਣਾ ਸਾਮਿਲ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਟੋਕੀਓ ਉਲੰਪਿਕਸ ਵਿੱਚ ਪੰਜਾਬ ਦੇ ਸਭ ਤੋਂ ਵੱਧ ਖਿਡਾਰੀ ਦੇਸ ਦੀ ਨੁਮਾਇੰਦਗੀ ਕਰਨਗੇ। ਉਹਨਾਂ ਦਾਅਵੇ ਨਾਲ ਕਿਹਾ ਕਿ ਜ਼ਿਲਾ ਮੋਗਾ ਦੀ ਧਰਤੀ ਜਲਦੀ ਹੀ ਓਲੰਪਿਕ ਪੱਧਰ ਦੇ ਖਿਡਾਰੀ ਪੈਦਾ ਕਰਨ ਲੱਗੇਗੀ। ਡਿਪਟੀ ਕਮਿਸਨਰ ਸ੍ਰੀ ਸੰਦੀਪ ਹੰਸ ਨੇ ਮੁੱਖ ਮਹਿਮਾਨ ਅਤੇ ਹੋਰ ਪ੍ਰਮੁੱਖ ਸਖਸੀਅਤਾਂ ਦਾ ਇਸ ਪ੍ਰੋਜੈਕਟ ਲਈ ਧੰਨਵਾਦ ਕੀਤਾ।
———-
