ਮਾਨਸਾ 19 ਜੂਨ (ਸਾਰਾ ਯਹਾ/ ਬਪਸ ): ਪਿੰਡ ਟਾਂਡੀਆਂ ਦੇ ਪਿੰਡ ਵਾਸੀਆਂ ਨੇ ਜੋੜਕੀਆਂ ਨੂੰ ਜਾਂਦੇ ਕੱਚੇ ਰਾਹ ਤੇ ਪੱਕੀ ਸੜਕ ਬਣਾਉਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾ ਗੁਰਸੇਵਕ ਸਿੰਘ ਸਿੱਧੂ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ, ਡਾ. ਗੁਰਸੇਵਕ ਸਿੰਘ ਗਿੱਲ, ਜਗਤਾਰ ਸਿੰਘ, ਸਿਕੰਦਰ ਸ਼ੌਕੀ ਆਦਿ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਮਾਨਸਾ, ਮੰਡੀਬੋਰਡ ਦੇ ਉੱਚ ਅਧਿਕਾਰੀਆਂ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਟਾਂਡੀਆਂ ਨੂੰ ਜੋੜਕੀਆਂ ਨਾਲ ਜੋੜਦਾ ਕੱਚਾ ਰਾਸਤਾ ਜੋ ਢਾਈ-ਤਿੰਨ ਕਿਲੋਮੀਟਰ ਹੈ। ਜੇਕਰ ਇਸ ਤੇ ਪੱਕੀ ਸੜਕ ਬਣਾ ਦਿੱਤੀ ਜਾਵੇ ਤਾਂ ਪਿੰਡ ਟਾਂਡੀਆਂ ਦੇ ਨਾਲ-ਨਾਲ ਦੂਸਰੇ ਅੱਧੀ ਦਰਜਨ ਪਿੰਡਾਂ ਨੂੰ ਜੌੜਕੀਆਂ ਜਾਣ ਵਿੱਚ ਬਹੁਤ ਹੀ ਸੁਖਾਲੀ ਹੋ ਜਾਵੇਗੀ ਕਿਉਂਕਿ ਹੁਣ ਜੌੜਕੀਆਂ ਨੂੰ ਜਾਣ ਲਈ ਟਾਂਡੀਆਂ ਤੋਂ ਝੇਰਿਆਵਾਲੀ, ਮੀਆਂ ਅਤੇ ਮੀਆਂ-ਉੱਲਕ ਕੈਂਚੀਆਂ ਆਦਿ ਵਿਚ ਦੀ ਜਾਣਾ ਪੈਂਦਾ ਹੈ ਜੋ ਕਰੀਬ ਅੱਠ ਤੋਂ ਦਸ ਕਿਲੋਮੀਟਰ ਦਾ ਰਸਤਾ ਤੈਅ ਕਰਨਾ ਪੈਂਦਾ ਹੈ। ਜਦ ਕਿ ਪਿੰਡ ਟਾਂਡੀਆਂ ਤੋਂ ਜੋੜਕੀਆਂ ਸਿਰਫ ਢਾਈ-ਤਿੰਨ ਕਿਲੋਮੀਟਰ ਹੀ ਦੂਰ ਹੈ ਜੇਕਰ ਇਹ ਕੱਚਾ ਰਸਤਾ ਪੱਕਾ ਕਰਕੇ ਸੜਕ ਬਣਾ ਦਿੱਤੀ ਜਾਂਦੀ ਹੈ ਤਾਂ ਪਿੰਡ ਟਾਂਡੀਆਂ ਦੇ ਨਾਲ-ਨਾਲ ਹੋਰ ਵੀ ਅੱਧੀ ਦਰਜਨ ਪਿੰਡਾਂ ਨੂੰ ਜੌੜਕੀਆਂ ਕੰਮ ਧੰਦੇ ਜਾਣ ਲਈ ਇਹ ਰਸਤਾ ਬਹੁਤ ਘੱਟ ਰਹਿ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਨੂੰ ਸਰਕਾਰੀ ਸਹੂਲਤਾਂ ਜਿਵੇਂ ਪੁਲਸ ਥਾਣਾ ਜੋੜਕੀਆਂ, ਮਿੰਨੀ ਹੈਲਥ ਸੈਂਟਰ ਜੋੜਕੀਆਂ, ਸਰਕਾਰੀ ਸੀਨੀਅਰ ਸੈਕੰਡਰ ਸਕੂਲ ਜੌੜਕੀਆਂ ਅਤੇ ਅਨਾਜ ਮੰਡੀ ਜੌੜਕੀਆਂ ਆਦਿ ਕੰਮ ਧੰਦੇ ਲਈ ਜਾਣਾ ਪੈਂਦਾ ਹੈ ਜੋ ਕਿ ਇਹ ਰਸਤਾ ਪੱਕਾ ਹੋਣ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਜੌੜਕੀਆਂ ਜਾਣ ਲਈ ਕਾਫੀ ਸਹੂਲਤ ਮਿਲੇਗੀ।ਇਹ ਸੜਕ ਬਣਨ ਨਾਲ ਜਿੱਥੇ ਉਨ੍ਹਾਂ ਦੇ ਟਾਈਮ ਦੀ ਬੱਚਤ ਹੋਵੇਗੀ ਉੱਥੇ ਹੀ ਮਸ਼ੀਨਰੀ ਆਦਿ ਦੀ ਘਸਾਈ ਅਤੇ ਤੇਲ ਦੇ ਖਰਚੇ ਵੀ ਘਟਣਗੇ। ਉਨ੍ਹਾਂ ਮੰਗ ਕੀਤੀ ਕਿ ਇਸ ਕੱਚੇ ਰਸਤੇ ਨੂੰ ਜਲਦੀ ਤੋਂ ਜਲਦੀ ਪੱਕਾ ਕਰਕੇ ਸੜਕ ਬਣਾਈ ਜਾਵੇ ਤਾਂ ਕਿ ਉਨ੍ਹਾਂ ਨੂੰ ਇਹ ਸਹੂਲਤ ਮਿਲ ਸਕੇ।