
ਮਹਿਲ ਕਲਾਂ, 03,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ)ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਅੱਜ ਮਹਿਲ ਕਲਾਂ ਨੇੜਲੇ ਪਿੰਡ ਚੰਨਣਵਾਲ ਦੇ ਕਿਸਾਨ ਦੀ ਅਚਾਨਕ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦਾ ਬਲਾਕ ਆਗੂ ਜਸਮੇਲ ਸਿੰਘ ਉਰਫ ਜੀਆਰ (50) ਪੁੱਤਰ ਰਣਜੀਤ ਸਿੰਘ ਵਾਸੀ ਚੰਨਣਵਾਲ ਲੰਘੀ 26 ਨਵੰਬਰ ਤੋਂ ਸਿੰਘੂ ਬਾਰਡਰ ਦਿੱਲੀ ਵਿਖੇ ਸਰਗਰਮ ਸੀ ਅਤੇ ਅੱਜ ਦੁਪਹਿਰ ਲੱਗਭੱਗ 2 ਵਜ਼ੇ ਮੁੱਖ ਸਟੇਜ ਕੋਲ ਅਚਾਨਕ ਉਸਦੀ ਤਬੀਅਤ ਵਿਗੜ ਗਈ ਉਸਨੂੰ ਤੁਰੰਤ ਐਂਬੂਲੈਂਸ ਰਾਹੀਂ ਸੋਨੀਪਤ (ਹਰਿਆਣਾ) ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।ਡਾਕਟਰਾਂ ਅਨੁਸਾਰ ਮੁਢਲੀ ਜਾਂਚ ਤੋਂ ਮੌਤ ਦਾ ਕਾਰਨ ਦਿਲ ਦਾ ਦੌਰਾ ਹੋਣ ਦੀ ਸੰਭਾਵਨਾ ਹੈ।
ਸਿੰਘੂ ਬਾਰਡਰ ਤੋਂ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ,ਹਾਕਮ ਸਿੰਘ ਧਾਲੀਵਾਲ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਨੇ ਦੱਸਿਆ ਕਿ ਜਸਮੇਲ ਸਿੰਘ ਬਹੁਤ ਸਰਗਰਮ ਕਿਸਾਨ ਆਗੂ ਸੀ ਤੇ ਉਹ ਪਿਛਲੇ ਦੋ ਮਹੀਨੇ ਤੋਂ ਸਿੰਘੂ ਬਾਰਡਰ ਦਿੱਲੀ ਵਿਖੇ ਪੂਰੀ ਤਰ੍ਹਾਂ ਸਮਰਪਤ ਸੀ ਤੇ ਅੱਜ ਦਿਲ ਦਾ ਦੌਰਾ ਪੈਣ ਨਾਲ ਉਸਦੀ ਸ਼ਹਾਦਤ ਹੋਈ ਹੈ।ਕਿਸਾਨ ਆਗੂਆਂ ਨੇ ਦੱਸਿਆ ਕਿ ਇੱਥੇ ਪੋਸਟਮਾਰਟਮ ਬਾਅਦ ਉਸਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇਗੀ।
