ਮਾਨਸਾ, 15 ਦਸੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਮੰਡੀਆਂ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕੱਚੀਆਂ ਮੰਡੀਆਂ ਦੇ ਫੜ੍ਹ ਪਹਿਲ ਦੇ ਆਧਾਰ ’ਤੇ ਪੱਕੇ ਕੀਤੇ ਜਾਣਗੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਮਾਰਕੀਟ ਕਮੇਟੀ ਮਾਨਸਾ ਅਧੀਨ ਆਉਂਦੇ ਪਿੰਡ ਉੱਭਾ ਅਤੇ ਮਾਨ ਬੀਬੜੀਆਂ ਦੀ ਅਨਾਜ ਮੰਡੀ ਦਾ ਫੜ੍ਹ ਪੱਕਾ ਕਰਨ ਦਾ ਉਦਘਾਟਨ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਦਾਣਾ ਮੰਡੀ ਉੱਭਾ ਇੱਕ ਆਲੀਸ਼ਾਨ ਮੰਡੀ ਹੈ ਅਤੇ ਹੋਰ ਪਿੰਡਾਂ ਦੀਆਂ ਮੰਡੀਆਂ ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੱਚੀਆਂ ਮੰਡੀਆਂ ਹਨ ਉਨਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਪਿੰਡ ਉੱਭਾ ਦੀ ਅਨਾਜ ਮੰਡੀ ਦਾ 2 ਏਕੜ ਫੜ੍ਹ ਪੱਕਾ ਕੀਤਾ ਜਾਵੇਗਾ ਜਿਸ ’ਤੇ ਤਕਰੀਬਨ 50.48 ਲੱਖ ਦੀ ਲਾਗਤ ਨਾਲ ਇਹ ਮੰਡੀ ਤਿਆਰ ਕੀਤੀ ਜਾਏਗੀ ਅਤੇ ਨਾਲ ਹੀ ਪਿੰਡ ਮਾਨ ਬੀਬੜੀਆਂ ਦੀ ਅਨਾਜ ਮੰਡੀ ਦਾ 2.75 ਏਕੜ ਫੜ੍ਹ ਪੱਕਾ ਕੀਤਾ ਜਾਵੇਗਾ ਜਿਸ ’ਤੇ ਤਕਰੀਬਨ 70 ਲੱਖ ਦੀ ਲਾਗਤ ਨਾਲ ਇਹ ਮੰਡੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੰਡੀ ਦੀਆਂ ਸਾਈਡਾਂ ’ਤੇ 30-30 ਫੁੱਟ ਦੀ ਸੜ੍ਹਕ ਅਤੇ ਪਿੱਛੇ 40 ਫੁੱਟ ਦੀ ਸੜ੍ਹਕ ਤਿਆਰ ਕੀਤੀ ਜਾਵੇਗੀ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਇਸ ਮੰਡੀ ਦੇ ਫੜ੍ਹ ਦਾ ਵਾਧਾ ਹੋਣ ਨਾਲ ਇੰਨ੍ਹਾਂ ਪਿੰਡਾਂ ਸਮੇਤ ਆਸਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਵੀ ਸਹੂਲਤ ਮਿਲੇਗੀ ਅਤੇ ਕਾਫ਼ੀ ਲੰਬੇ ਸਮੇਂ ਤੋਂ ਜੋਂ ਸਾਡੇ ਕਿਸਾਨ ਭਰਾਵਾਂ ਅਤੇ ਆੜ੍ਹਤੀਆ ਨੂੰ ਮੀਂਹ ਹਨੇਰੀ ਜਾਂ ਕੱਚੇ ਫ਼ਰਸ਼ ਕਰਕੇ ਆਪਣੀ ਫ਼ਸਲ ਲਹਾਉਣ ਅਤੇ ਤੋਲਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸ ਦਾ ਹੱਲ ਹੋ ਜਾਵੇਗਾ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਾਨਸਾ ਸ੍ਰ ਗੁਰਪ੍ਰੀਤ ਸਿੰਘ ਭੁੱਚਰ, ਵਰਿੰਦਰ ਸੋਨੀ, ਹਰਜੀਤ ਸਿੰਘ ਦੰਦੀਵਾਲ ਅਤੇ ਪਿੰਡਾ ਦੇ ਵਰਕਰ ਸਹਿਬਾਨ ਤੇ ਪਤਵੰਤੇ ਹਾਜਰ ਸਨ।