
ਮਾਨਸਾ, 02 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਸੁਖਾਵੇਂ ਮਾਹੌਲ ’ਚ ਵਧੀਆਂ ਸਿਹਤ ਸੁਵਿਧਾਵਾਂ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ 27 ਜਨਵਰੀ ਨੂੰ 400 ਹੋਰ ਸ਼ੁਰੂ ਕੀਤੇ ਆਮ ਆਦਮੀ ਕਲੀਨਿਕ ਭਵਿੱਖ ਅੰਦਰ ਕਾਫ਼ੀ ਲਾਹੇਵੰਦ ਸਾਬਿਤ ਹੋਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਜ਼ਿਲ੍ਹੇ ਦੇ ਪਿੰਡ ਉੱਭਾ ਵਿਖੇ ਬਣੇ ਆਮ ਆਦਮੀ ਕਲੀਨਿਕ ਦਾ ਵਿਰੋਧ ਕਰ ਰਹੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਸੇਵਾ ਕੇਂਦਰ ਉੱਭਾ ਵਿਖੇ ਥਾਂ ਬਹੁਤ ਘੱਟ ਹੋਣ ਕਾਰਣ ਡਾਕਟਰੀ ਸਟਾਫ ਅਤੇ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ, ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਪ੍ਰਾਇਮਰੀ ਹੈਲਥ ਸੈਂਟਰ ਵਾਲੀ ਥਾਂ ਨੂੰ ਅਪਗ੍ਰੇਡ ਕਰਕੇ ਇਸਦਾ ਘੇਰਾ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਅੰਦਰ ਮਾਹਿਰ ਡਾਕਟਰਾਂ ਦੀ ਤਾਇਨਤੀ ਨਾਲ ਹਫ਼ਤੇ ਦੇ 6 ਦਿਨ ਲੋਕ ਸਿਹਤ ਸੁਵਿਧਾਵਾਂ ਦਾ ਲਾਭ ਲੈ ਸਕਣਗੇ। ਡਿਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਪਿੰਡ ਦੀਆਂ ਔਰਤਾਂ ਸਮੇਤ ਬਜ਼ੁਰਗਾਂ ਦਾ ਹਾਂ ਪੱਖੀ ਹੁੰਗਾਰਾਂ ਮਿਲਿਆ।
ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਪਿੰਡਾਂ ਅੰਦਰ ਚਲ ਰਹੀਆਂ ਡਿਸਪੈਂਸਰੀਆਂ ਅਤੇ ਆਮ ਆਦਮੀ ਕਲੀਨਿਕਾਂ ਨੂੰ ਪ੍ਰਾਈਵੇਟ ਕਰਨ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਸੇਵਾਵਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਬੰਧਤ ਐਸ.ਐਮ.ਓ ਜਾਂ ਸਿਵਲ ਸਰਜਨ ਨਾਲ ਰਾਬਤਾ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚਲ ਰਹੇ ਆਮ ਆਦਮੀ ਕਲੀਨਿਕਾਂ ’ਚ 27 ਜਨਵਰੀ ਤੋਂ 1 ਫਰਵਰੀ ਤੱਕ 1945 ਮਰੀਜ਼ਾਂ ਨੇ ਸਿਹਤ ਸੁਵਿਧਾਵਾਂ ਦਾ ਲਾਭ ਲਿਆ। ਉਨ੍ਹਾਂ ਦੱਸਿਆ ਕਿ ਨਵੇਂ ਬਣੇ ਆਮ ਆਦਮੀ ਕਲੀਨਿਕ ਨੰਗਲ ਕਲਾਂ ਵਿਖੇ 446, ਢੈਪਈ ਵਿਖੇ 160, ਭੈਣੀ ਬਾਘਾ 192, ਰੰਘੜਿਆਲ 308, ਜੌੜਕੀਆਂ 333, ਕਰੰਡੀ 266 ਅਤੇ ਬਹਿਣੀਵਾਲ ਵਿਖੇ 129 ਮਰੀਜ਼ਾਂ ਨੇ ਸਿਹਤ ਸੁਵਿਧਾਵਾਂ ਦਾ ਲਾਭ ਲਿਆ।
