ਮਾਨਸਾ, 08 ਅਗਸਤ:(ਸਾਰਾ ਯਹਾਂ/ਮੁੱਖ ਸੰਪਾਦਕ ):
ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (RSETI) ਚਕੇਰੀਆਂ ਵਿਖੇ ਬੱਕਰੀ ਪਾਲਣ ਦੀ 10 ਰੋਜ਼ਾ ਸਿਖਲਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਚਕੇਰੀਆਂ ਤੋਂ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਜਿਵੇਂ ਬੱਕਰੀ ਪਾਲਣ, ਮੁਰਗੀ ਪਾਲਣ, ਮਧੂ-ਮੱਖੀ ਪਾਲਣ, ਸੂਰ ਪਾਲਣ ਆਦਿ ਬਾਰੇ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਜੋ ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਇਹ ਸਿਖਲਾਈ ਲੈ ਕੇ ਆਤਮ ਨਿਰਭਰ ਬਣ ਕੇ ਆਪਣੀ ਆਜੀਵਿਕਾ ਚਲਾ ਸਕਣ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਪਿੰਡਾਂ ਦੀਆਂ ਗਰੀਬ ਔਰਤਾਂ ਨੂੰ ਸਵੈ-ਸਹਾਇਤਾ ਸਮੂਹਾਂ ਨਾਲ ਜੋੜ ਕੇ ਵਿੱਤੀ ਸਹਾਇਤਾ ਅਤੇ ਸਿਖਲਾਈ ਮੁਹੱਈਆ ਕਰਵਾ ਕੇ ਆਜੀਵਿਕਾ ਦੇ ਸਾਧਨ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਉਹ ਆਤਮ-ਨਿਰਭਰ ਹੋ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਬਲਾਕਾਂ ਮਾਨਸਾ, ਸਰਦੂਲਗੜ੍ਹ, ਭੀਖੀ, ਬੁਢਲਾਡਾ ਅਤੇ ਝੁਨੀਰ ਵਿੱਚ ਲਗਭਗ 2200 ਸਵੈ ਸਹਾਇਤਾ ਸਮੂਹ ਚੱਲ ਰਹੇ ਹਨ, ਜਿੰਨ੍ਹਾ ਵਿੱਚੋਂ 1219 ਸਵੈ ਸਹਾਇਤਾ ਸਮੂਹਾਂ ਨੂੰ ਕੁੱਲ 2,01,65,000 (ਦੋ ਕਰੋੜ ਇੱਕ ਲੱਖ ਪੈਂਹਠ ਹਜ਼ਾਰ) ਰੁਪਏ ਰਿਵਾਲਵਿੰਗ ਫੰਡ (RF) ਅਤੇ 529 ਸਵੈ ਸਹਾਇਤਾ ਸਮੂਹਾਂ ਨੂੰ ਕੁੱਲ 2,64,50000 (ਦੋ ਕਰੋੜ ਚੌਂਹਠ ਲੱਖ ਪੰਜਾਹ ਹਜ਼ਾਰ) ਰੁਪਏ ਕਮਿਊਨਟੀ ਇੰਨਵੈਸਟਮੈਂਟ ਫੰਡ (CIF) ਦਿੱਤਾ ਜਾ ਚੁੱਕਾ ਹੈ।
ਇਸ ਮੌਕੇ ਸ੍ਰੀ ਲਲਿਤ ਗਰਗ (ਡਾਇਰੈਕਟਰ ਆਰ.ਸੇਟੀ ਚਕੇਰੀਆਂ), ਸ੍ਰੀਮਤੀ ਜਸਵਿੰਦਰ ਕੌਰ (ਡੀ.ਪੀ.ਐੱਮ ਪੀ.ਐੱਸ.ਆਰ.ਐੱਲ.ਐੱਮ ਮਾਨਸਾ) ਅਤੇ ਸ੍ਰੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ।