*ਪਿੰਡਾਂ ‘ਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਕੈਪਟਨ ਦੀ ਪਿੰਡਵਾਸੀਆਂ ਨੂੰ ਅਪੀਲ*

0
120

ਚੰਡੀਗੜ੍ਹ  14,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ‘ਚ ਕੋਵਿਡ (Coronavirus in Punjab) ਦੀ ਪਹਿਲੀ ਲਹਿਰ ਤੋਂ ਵੱਡੀ ਪੱਧਰ ‘ਤੇ ਬੇਅਸਰ ਰਹੇ ਪੇਂਡੂ ਇਲਾਕਿਆਂ ਵਿਚ ਹੁਣ ਕੋਵਿਡ (Covid 19) ਦੇ ਪੈਰ ਪਸਾਰਨ ਦੇ ਮੱਦੇਨਜਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (captain Amarinder Singh) ਨੇ ਸ਼ੁੱਕਰਵਾਰ ਨੂੰ ਪਿੰਡ ਵਾਸੀਆਂ ਨੂੰ ਆਪੋ-ਆਪਣੇ ਪਿੰਡਾਂ ਵਿਚ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਦਾਖਲ ਹੋਣ ਦੇਣ ਦੀ ਅਪੀਲ ਕੀਤੀ ਜੋ ਕੋਰੋਨਾਵਾਇਰਸ ਤੋਂ ਮੁਕਤ ਹੋਣ।

ਫੇਸਬੁੱਕ ਦੇ ਲਾਈਵ ਪ੍ਰਸਾਰਨ ਦੌਰਾਨ ਪੰਜਾਬ (CM Amarinder Singh FB live) ਵਾਸੀਆਂ ਨੂੰ ਮੁਖਾਤਿਬ ਹੁੰਦਿਆਂ ਮੁੱਖ ਮੰਤਰੀ ਨੇ ਅਗਲੇ ਦੋ ਮਹੀਨੇ ਪੇਂਡੂ ਇਲਾਕਿਆਂ ਵਿਚ ਸਖ਼ਤ ਕਦਮ ਉਠਾਉਣ ਦਾ ਸੱਦਾ ਦਿੱਤਾ ਹੈ ਅਤੇ ਉਨ੍ਹਾਂ ਨੇ ਆਉਂਦੇ ਦੋ ਮਹੀਨਿਆਂ ਨੂੰ ਬਹੁਤ ਹੀ ਗੰਭੀਰ ਸਮਾਂ ਦੱਸਿਆ। ਕੈਪਟਨ ਨੇ ਅੱਗੇ ਕਿਹਾ,“ਹੁਣ ਦਿਹਾਤੀ ਖੇਤਰਾਂ ਵਿਚ ਕੋਵਿਡ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ ਜਿਸ ਕਰਕੇ ਸਾਨੂੰ ਬਹੁਤ ਸੰਭਲਣ ਦੀ ਲੋੜ ਹੈ।”

ਪੰਜਾਬ ਦੇ ਮੁੱਖ ਮੰਤਰੀ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ,“ਸਾਡੇ ਕੋਲ ਹਰੇਕ ਥਾਂ ਡਾਕਟਰਾਂ ਦੀਆਂ ਟੀਮਾਂ ਹਨ ਅਤੇ ਜੇਕਰ ਤੁਸੀਂ ਠੀਕ ਮਹਿਸੂਸ ਨਹੀਂ ਕਰਦੇ ਤਾਂ ਇਨ੍ਹਾਂ ਡਾਕਟਰਾਂ ਤੱਕ ਪਹੁੰਚ ਕਰੋ।” ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਲਾਜ਼ ਵਿਚ ਦੇਰੀ ਹੋਣ ਨਾਲ ਲੋਕਾਂ ਨੂੰ ਲੈਵਲ-3 ਵਿਚ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਐਲ-2 ਦੇ 50 ਫੀਸਦੀ ਬੈੱਡ ਭਰੇ ਹਨ ਜਦਕਿ ਐਲ-3 ਦੇ ਲਗਪਗ 90 ਫੀਸਦੀ ਬੈੱਡ ਭਰੇ ਹੋਏ ਹਨ ਅਤੇ ਸੂਬਾ ਸਰਕਾਰ 2000 ਹੋਰ ਬੈੱਡ ਸ਼ਾਮਲ ਕਰਨ ਦੀ ਪ੍ਰਕਿਰਿਆ ਵਿਚ ਹੈ ਜਿਸ ਨੂੰ ਲੋਕਾਂ ਵੱਲੋਂ ਸਮੇਂ ਸਿਰ ਇਲਾਜ ਲਈ ਨਾ ਜਾਣ ਦਾ ਕਾਰਨ ਦੱਸਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਬਿਮਾਰੀ ਦੇ ਤਿੰਨ ਪੜਾਅ ਹਨ, ਜਿਨਾਂ ਚੋਂ ਪਹਿਲੀ ਸਟੇਜ ‘ਤੇ ਘਰ ਵਿਚ ਹੀ ਪ੍ਰਬੰਧਨ ਕੀਤਾ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਲੱਛਣਾਂ ਦਾ ਪਹਿਲਾ ਸੰਕੇਤ ਮਿਲਣ ‘ਤੇ ਹੀ ਤੁਰੰਤ ਡਾਕਟਰ ਕੋਲ ਜਾਣ ਲਈ ਆਖਿਆ। ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ,“ਇਲਾਜ ਕਰਨ ਦਾ ਫੈਸਲਾ ਡਾਕਟਰਾਂ ਨੂੰ ਕਰਨ ਦਿਓ, ਆਪਣੇ ਆਪ ਹੀ ਜਾਂਚ ਅਤੇ ਦਵਾਈਆਂ ਨਾ ਲਈ ਜਾਓ।”

ਉਨਾਂ ਕਿਹਾ ਕਿ ਇਸ ਨੇ ਸਮੁੱਚੀ ਦੁਨੀਆ ਨੂੰ ਆਪਣੀ ਲਪੇਟ ਵਿਚ ਹੋਇਆ ਹੈ ਅਤੇ ਇੱਥੋਂ ਤੱਕ ਕਿ ਅਗਾਂਹਵਧੂ ਮੁਲਕ ਵੀ ਇਸ ਦੇ ਅਸਰ ਤੋਂ ਬਚ ਨਹੀਂ ਸਕੇ। ਮੁੱਖ ਮੰਤਰੀ ਨੇ ਲੋਕਾਂ ਨੂੰ ਆਪਣਾ ਸੂਬਾ ਬਚਾਉਣ ਲਈ ਉਨਾਂ ਦੀ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here