ਮਾਨਸਾ09,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) ਮਾਨਸਾ ਨਜ਼ਦੀਕ ਪਿੰਡ ਨੰਗਲ ਕਲਾਂ ਵਿੱਚ ਅਧੂਰੀ ਛੱਡੀ ਗਈ ਸੜਕ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਬਰਨਾਲਾ ਤੋਂ ਨੰਗਲ ਕਲਾਂ ਨੂੰ ਜਾਂਦੀ ਸੜਕ ਪਿਛਲੇ ਅੱਠ ਕੁ ਮਹੀਨੇ ਪਹਿਲਾਂ ਬਣਨੀ ਸ਼ੁਰੂ ਹੋਈ ਸੀ ਜੋ ਨੰਗਲ ਕਲਾਂ ਵੱਲ ਬਣਦੀ ਆ ਰਹੀ ਸੀ। ਇੱਕ ਹਜਾਰ ਫੁੱਟ ਦਾ ਟੋਟਾ ਜੋ ਬਹੁਤ ਹੀ ਉਬੜ ਖਾਬੜ ਅਤੇ ਕਾਫ਼ੀ ਉੱਚਾ ਨੀਵਾਂ ਹੈ।ਜਿਸ ਕਾਰਨ ਲੋਕਾਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਨੂੰ ਬਣਾਉਣ ਵਾਲੇ ਠੇਕੇਦਾਰ ਅਤੇ ਜੇ ਈ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਿੰਡ ਨੰਗਲ ਕਲਾਂ ਦੇ ਕਿਰਪਾ ਸਿੰਘ ,ਪ੍ਰਲਾਦ ਸਿੰਘ, ਜੱਗੀ ਸਿੰਘ ,ਅਵਤਾਰ ਸਿੰਘ ,ਜੁਗਰਾਜ ਸਿੰਘ, ਬੱਗਾ ਸਿੰਘ ,ਦਰਸ਼ਨ ਸਿੰਘ ,ਆਦਿ ਨੇ ਦੱਸਿਆ ਕਿ ਇਸ ਸੜਕ ਰਾਹੀਂ ਲੋਕਾਂ ਨੂੰ ਗੈਸ ਏਜੰਸੀ ਜਾਣਾ ਪੈਂਦਾ ਹੈ ਜੋ ਕਈ ਪਿੰਡਾਂ ਦੇ ਲੋਕ ਇੱਥੇ ਬਾਰਸ਼ਾਂ ਦੇ ਸਮੇਂ ਆਮ ਡਿੱਗਦੇ ਵੇਖੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਸੜਕ ਉੱਪਰ ਇੱਕ ਭੱਠਾ ਅਤੇ ਅੱਗੇ ਇਕ ਸਕੂਲ ਵੀ ਹੈ ਜਿੱਥੇ ਪੇਪਰਾਂ ਸਮੇ ਕਈ ਪਿੰਡਾਂ ਦੇ ਬੱਚੇ ਇਸ ਸੜਕ ਉਪਰੋਂ ਦੀ ਲੰਘਦੇ ਹਨ। ਇਸ ਸੜਕ ਉੱਪਰ ਜੋ ਖੇਤਾਂ ਵਾਲੇ ਬਲਦ ਅਤੇ ਹੋਰ ਪਸ਼ੂਆਂ ਨੂੰ ਲੈ ਕੇ ਜਾਂਦੇ ਹਨ ਉਹ ਵੀ ਬਹੁਤ ਵਾਰ ਜ਼ਖ਼ਮੀ ਹੋ ਜਾਂਦੇ ਹਨ॥ ਉੱਚੀ ਨੀਵੀਂ ਸੜਕ ਹੋਣ ਕਾਰਨ ਬਹੁਤ ਸਾਰੇ ਲੋਕ ਆਮ ਹੀ ਰੋਜ਼ਾਨਾ ਇਸ ਸੜਕ ਤੇ ਡਿੱਗ ਕੇ ਸੱਟਾਂ ਖਾਂਦੇ ਵੇਖੇ ਗਏ ਹਨ। ਪਿੰਡ ਵਾਸੀਆਂ ਨੇ ਕਿਹਾ ਜੇ ਅਗਲੇ ਦਿਨਾਂ ਵਿੱਚ ਇਸ ਸੜਕ ਦਾ ਟੋਟਾ ਪੂਰਾ ਨਾ ਕੀਤਾ ਗਿਆ ਤਾਂ ਸਬੰਧਤ ਮਹਿਕਮੇ ਖ਼ਿਲਾਫ਼ ਰੋਸ ਮੁਜ਼ਾਹਰਾ ਅਤੇ ਧਰਨਾ ਵੀ ਦਿੱਤਾ ਜਾਵੇਗਾ। ਜਦੋਂ ਇਸ ਸੜਕ ਸਬੰਧੀ ਮੰਡੀ ਬੋਰਡ ਦੇ ਜੇਈ ਅਮਿਤ ਕੁਮਾਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਅਜੇ ਪੀ ਸੀ ਪਾਉਣ ਵਾਲਾ ਮੌਸਮ ਨਹੀਂ ਹੈ ਜਦੋਂ ਮੌਸਮ ਅਨੁਕੂਲ ਹੋਵੇਗਾ ਪੀਸੀ ਪਾ ਦਿੱਤੀ ਜਾਵੇਗੀ ਅਤੇ ਇਹ ਸੜਕ ਦਾ ਟੋਟਾ ਪੂਰਾ ਕਰ ਦਿੱਤਾ ਜਾਵੇਗਾ ।