
ਫਾਜ਼ਿਲਕਾ 6 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਘਾਂਗਾ ਖੁਰਦ ਵਿੱਚ ਬੀਤੀ ਦੇਰ ਰਾਤ ਪਿਤਾ ਨੇ ਮਾਮੂਲੀ ਤਕਰਾਰ ਮਗਰੋਂ ਆਪਣੇ ਬੇਟੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਥਾਣਾ ਅਮੀਰ ਖਾਸ ਦੀ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਬੇਟੇ ਦੀ ਹੱਤਿਆ ਕਰਨ ਵਾਲੇ ਪਿਤਾ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪਿਤਾ-ਪੁੱਤ ਦੀ ਆਏ ਦਿਨ ਘਰ ਵਿੱਚ ਲੜਾਈ ਰਹਿੰਦੀ ਸੀ। ਰਾਤ ਨੂੰ ਪਿਤਾ ਨੇ ਸ਼ਰਾਬ ਪੀ ਰੱਖੀ ਸੀ ਜਿਸ ਦੇ ਚੱਲਦੇ ਬਾਜ ਸਿੰਘ ਨੇ ਆਪਣੇ 30 ਸਾਲਾ ਵਿਆਹੇ ਬੇਟੇ ਨਾਲ ਤਕਰਾਰ ਹੋਣ ਉੱਤੇ ਲਾਇਸੰਸੀ ਬੰਦੂਕ ਨਾਲ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਦੋਵੇਂ ਪਿਓ-ਪੁੱਤ ਵਿਚਾਲੇ ਆਏ ਦਿਨ ਲੜਾਈ ਹੁੰਦੀ ਰਹਿੰਦਾ ਸੀ। ਦੇਰ ਰਾਤ ਹੋਏ ਝਗੜੇ ਵਿੱਚ ਉਸ ਦੇ ਸਹੁਰੇ ਨੇ ਉਸ ਦੇ ਪਤੀ ਜਗਸੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਾਜ ਸਿੰਘ ਦਾ ਮੱਛੀ ਫ਼ਾਰਮ ਹੈ। ਉਹ ਰਾਤ ਨੂੰ ਰੋਟੀ ਖਾਣ ਬਾਅਦ ਆਪਣੇ ਮੱਛੀ ਫ਼ਾਰਮ ਉੱਤੇ ਬੰਦੂਕ ਲੈ ਕੇ ਜਾਂਦਾ ਸੀ।
ਰਾਤ ਉਸ ਨੇ ਥੋੜ੍ਹੀ ਸ਼ਰਾਬ ਪੀਤੀ ਸੀ ਕਿ ਮਾਮੂਲੀ ਗੱਲ ਉੱਤੇ ਲੜਾਈ ਹੋਣ ਦੇ ਚੱਲਦੇ ਗੋਲੀ ਚੱਲ ਗਈ। ਇਸ ਨਾਲ ਉਸ ਦੇ ਬੇਟੇ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਚੰਦਰ ਸ਼ੇਖਰ ਨੇ ਦੱਸਿਆ ਕਿ ਦੇਰ ਰਾਤ ਬਾਪ ਬੇਟੇ ਵਿੱਚ ਘਰ ਟੈਂਪੂ ਨੂੰ ਖੜ੍ਹਾ ਕਰਨ ਦੇ ਚੱਲਦੇ ਵਿਵਾਦ ਹੋ ਗਿਆ। ਪਿਤਾ ਬਾਜ਼ ਸਿੰਘ ਨੇ ਆਪਣੇ ਬੇਟੇ ਜਗਸੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
