
ਚੰਡੀਗੜ੍ਹ, 3 ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼):
ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਕਿਹਾ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ) ਵੱਲੋਂ ਹਾਲ ਹੀ ਵਿੱਚ ਸੜਕਾਂ ਦੇ ਨਵੀਨੀਕਰਨ ਲਈ ਜਾਰੀ ਕੀਤੇ ਗਏ ਟੈਂਡਰਾਂ ਵਿੱਚ ਵੱਡੀ ਗਿਣਤੀ ਵਿੱਚ ਠੇਕੇਦਾਰਾਂ ਵੱਲੋਂ ਹਿੱਸਾ ਲੈਣ ਸਦਕਾ 430 ਕਿਲੋਮੀਟਰ ਲੰਬੀਆਂ ਪਲਾਨ ਸੜਕਾਂ ਦੇ 55 ਕਾਰਜ਼ਾਂ ਨੂੰ 342 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਦੇ ਮੁਕਾਬਲੇ 270 ਕਰੋੜ ਰੁਪਏ ਵਿੱਚ ਅਲਾਟ ਕਰਨ ਕਰਕੇ 72 ਕਰੋੜ ਰੁਪਏ (ਲਗਭਗ 21 ਪ੍ਰਤੀਸ਼ਤ) ਦੀ ਬੱਚਤ ਹੋਈ ਹੈ।
ਇਹ ਪ੍ਰਗਟਾਵਾ ਕਰਦਿਆਂ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਦੀ ਪਾਰਦਰਸ਼ੀ ਅਤੇ ਕੁਸ਼ਲ ਕਾਰਜ਼ ਪ੍ਰਣਾਲੀ ਸਦਕਾ ਠੇਕੇਦਾਰਾਂ ਵਿੱਚ ਵਿਸ਼ਵਾਸ਼ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਠੇਕੇਦਾਰ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂੰ ਹਨ ਕਿ ਉਨ੍ਹਾਂ ਨੂੰ ਕਿਸੇ ਨੂੰ ਵੀ ਰਿਸ਼ਵਤ ਨਹੀਂ ਦੇਣੀ ਪਵੇਗੀ ਅਤੇ ਘੱਟੋ-ਘੱਟ ਕੀਮਤ ‘ਤੇ ਵੱਧ ਤੋਂ ਵੱਧ ਮਿਆਰੀ ਕੰਮ ਕਰਨ ਵਾਲੇ ਨੂੰ ਹੀ ਠੇਕਾ ਦਿੱਤਾ ਜਾਵੇਗਾ।
ਕੈਬਿਨਟ ਮੰਤਰੀ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਤਰ੍ਹਾਂ ਕੀਤੀ ਜਾਣ ਵਾਲੀ ਬਚਤ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮੁਹਈਆ ਕਰਵਉਣ ਲਈ ਇਸਤੇਮਾਲ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਾਰੇ ਪ੍ਰੋਜੈਕਟਾਂ ਨੂੰ ਮਿਥੇ ਗਏ ਮਿਆਰਾਂ ਦੀ ਪਾਲਣਾ ਕਰਦੇ ਹੋਏ ਵੱਧ ਤੋਂ ਵੱਧ ਕਿਫ਼ਾਇਤੀ ਲਾਗਤਾਂ ‘ਤੇ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਵੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਘੱਟ ਲਾਗਤ ‘ਤੇ ਮਿਆਰੀ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਦੋਵਾਂ ਵਿਭਾਗਾਂ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਸਮੇਂ ਦੇ ਅੰਦਰ ਅਤੇ ਅਨੁਮਾਨਿਤ ਤੋਂ ਘੱਟ ਲਾਗਤ ‘ਤੇ ਮੁਕੰਮਲ ਕਰਕੇ ਕਈ ਸੌ ਕਰੋੜ ਰੁਪਏ ਦੀ ਬਚਤ ਕਰੇਗੀ ਅਤੇ ਇਸ ਬਚਤ ਰਾਸ਼ੀ ਦੀ ਵਰਤੋਂ ਸੂਬੇ ਅੰਦਰ ਲੋੜੀਂਦੇ ਮੁਡਲੇਢਾਂਚੇ ਨੂੰ ਵਿਕਸਤ ਕਰਨ ਲਈ ਕੀਤੀ ਜਾਵੇਗੀ।
