
(ਸਾਰਾ ਯਹਾਂ/ਬਿਊਰੋ ਨਿਊਜ਼ ) : ਕਾਂਗਰਸ ਵੱਲੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਸੰਸਦ ਮੈਂਬਰ ਪਰਨੀਤ ਕੌਰ ਨੇ ਕਾਂਗਰਸ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪੂਰਾ ਹੱਕ ਹੈ ਉਹ ਜੋ ਵੀ ਮਰਜ਼ੀ ਕਰੇ।
ਪਰਨੀਤ ਕੌਰ ਨੇ ਕਿਹਾ ਕਿ, “ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ ਉਸਦਾ ਸਵਾਗਤ ਹੈ। ਮੈਂ ਹਮੇਸ਼ਾ ਪਾਰਟੀ ਅਤੇ ਲੋਕਾਂ ਨੂੰ ਆਪਣਾ ਸਭ ਤੋਂ ਵਧੀਆ ਦਿੱਤਾ ਹੈ ਜਿਨ੍ਹਾਂ ਨੇ ਮੈਨੂੰ ਵਾਰ-ਵਾਰ ਚੁਣਿਆ ਹੈ। ਮੈਂ ਉਹਨਾਂ ਦਾ ਰਿਣੀ ਹਾਂ ਅਤੇ ਹਮੇਸ਼ਾ ਵਾਂਗ ਉਹਨਾਂ ਦੀ ਸੇਵਾ ਕਰਦੀ ਰਹਾਂਗਾ। ਮੈਂ ਆਪਣੇ ਲੋਕਾਂ ਤੋਂ ਆਪਣੀ ਤਾਕਤ ਪ੍ਰਾਪਤ ਕਰਦੀ ਹਾਂ ਬਾਕੀ ਸਭ ਕੁਝ ਸੈਕੰਡਰੀ ਹੈ।”
ਜ਼ਿਕਰ ਕਰ ਦਈਏ ਕਿ ਕਾਂਗਰਸ ਨੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ‘ਤੇ ਭਾਜਪਾ ਦੀ ਮਦਦ ਕਰਨ ਦੇ ਦੋਸ਼ ਲਾਏ ਗਏ ਹਨ। ਕਾਂਗਰਸ ਅਨੁਸ਼ਾਸਨੀ ਕਮੇਟੀ ਨੇ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਕਿਉਂ ਨਾ ਕੱਢਿਆ ਜਾਵੇ।
ਪੰਜਾਬ ਕਾਂਗਰਸ ਅੰਦਰ ਪ੍ਰਨੀਤ ਕੌਰ ਨੂੰ ਪਾਰਟੀ ਵਿੱਚੋਂ ਕੱਢਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਪਿਛਲੇ ਦਿਨੀਂ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ ਰੈਲੀ ‘ਚ ਕਿਹਾ ਸੀ ਕਿ ਪ੍ਰਨੀਤ ਕੌਰ ਨੂੰ ਪਾਰਟੀ ‘ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਸੀ ਕਿ ਪ੍ਰਨੀਤ ਕੌਰ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦਾ ਤੁਰੰਤ ਐਲਾਨ ਕਰਨ। ਉਨ੍ਹਾਂ ਨੇ ਕੈਪਟਨ ਨੂੰ ਵੀ ਗੱਦਾਰ ਕਰਾਰ ਦਿੱਤਾ ਸੀ।
