(ਸਾਰਾ ਯਹਾਂ/ ਮੁੱਖ ਸੰਪਾਦਕ) : 22 ਮਾਰਚ ਨੂੰ ਦੁਨੀਆਂ ਭਰ ਵਿੱਚ ਵਿਸ਼ਵ ਜਲ ਦਿਵਸ ਮਨਾਇਆ ਜਾ ਰਿਹਾ ਹੈ। ਗੁਰਬਾਣੀ ਵਿੱਚ ਦਰਜ ਹੈ:- “ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹੱਤ” । ਸੈਂਕੜੇ ਸਾਲ ਪਹਿਲਾ ਸਾਡੇ ਮਹਾਨ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਸੀ। ਅੱਜ ਹਾਲਾਤ ਇਹ ਹਨ ਕਿ ਜੋ ਸਾਡੇ ਦਾਦੇ ਪੜਦਾਦਿਆਂ ਨੇ ਸਾਨੂੰ 50 ਸਾਲ ਪਹਿਲਾ ਵਿਰਸੇ ਵਿੱਚ ਪਾਣੀ ਦਿੱਤਾ ਸੀ। ਅਸੀਂ ਵਿਕਾਸ ਦੇ ਨਾਂ ਤੇ ਉਸ ਪਾਣੀ ਦੀਆਂ ਧੱਜੀਆਂ ਉਡਾ ਦਿੱਤੀਆਂ, ਮੁਫ਼ਤ ਦਾ ਸਮਝ ਕੇ ਦੱਬ ਕੇ ਦੁਰਵਰਤੋ ਕੀਤੀ। ਨਤੀਜਾ ਇਹ ਕਿ ਹੁਣ ਸਾਨੂੰ ਸਾਡੀ ਅਗਲੀ ਪੀੜ੍ਹੀ ਅੱਗੇ ਗੁਨਾਹਗਾਰ ਦੀ ਤਰ੍ਹਾਂ ਸ਼ਰਮਸਾਰ ਮਹਿਸੂਸ ਕਰਨਾ ਪੈਣਾ ਹੈ ਕਿਉਂਕਿ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਨਹਾਉਣ ਵਾਸਤੇ ਪਾਣੀ ਦੀਆਂ ਬਾਲਟੀਆਂ ਦੀ ਬਜਾਏ ਬੋਤਲਾਂ ਵਿੱਚ ਮਿਲਣ ਦੀਆਂ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਹਨ।
ਇਸ ਵਿਸ਼ਵ ਜਲ ਦਿਵਸ ਦੇ ਮੌਕੇ ਤੇ ਅਸੀਂ ਪ੍ਰਣ ਕਰੀਏ ਕਿ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਆਪਣੀ ਰੋਜ਼ ਮਰਾਹ ਦੀ ਜ਼ਿੰਦਗੀ ਵਿੱਚ ਪਾਣੀ ਨੂੰ ਸੁਚੱਜੇ ਢੰਗ ਨਾਲ ਅਤੇ ਜ਼ਿੰਮੇਵਾਰੀ ਨਾਲ ਵਰਤਣ ਲਈ ਪ੍ਰੇਰਿਤ ਕਰੀਏ ਅਤੇ ਸੂਬੇ ਵਿੱਚ ਇਸ ਬਹੁਮੁੱਲੇ ਪਰ ਸੀਮਿਤ ਸਰੋਤ ਦੀ ਰਾਖੀ ਕਰਕੇ ਪਾਣੀ ਬਚਾਓ ਮੁਹਿੰਮ ਵਿਚ ਯੋਗਦਾਨ ਪਾਈਏ।
ਕੁਝ ਸਾਲ ਪਹਿਲਾਂ ਤੱਕ ਜਦੋਂ ਅਸੀਂ ਨਲਕਾ ਜਾਂ ਟਿਊਬਵੈਲ ਲਗਾਉਂਦੇ ਹੁੰਦੇ ਸੀ ਤਾਂ ਪਾਣੀ ਅਸਾਨੀ ਨਾਲ 30 ਤੋਂ 40 ਫੁੱਟ ਤੇ ਮਿਲ ਜਾਂਦਾ ਸੀ ਜੋ ਕਿ ਹੁਣ 90 ਫੁੱਟ ਤੋਂ ਵੀ ਡੂੰਘਾ ਚਲਾ ਗਿਆ ਹੈ। ਪੂਰੇ ਦੇਸ਼ ਦੇ 766 ਜ਼ਿਲਿਆਂ ਵਿਚੋਂ 256 ਜ਼ਿਲ੍ਹੇ ਇਸ ਸਮੇਂ ਅਜਿਹੇ ਹਨ ਜੋਂ ਇਸ ਸਮੇਂ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਆਉਂਦੇ ਸਮੇਂ ਵਿਚ ਇਨ੍ਹਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਦੀ ਸੰਭਾਵਨਾ ਹੈ।
ਜੋ ਪਾਣੀ ਸਾਡੇ ਕੋਲ ਬਚਿਆ, ਜੋ ਪਾਣੀ ਸਾਡੇ ਨਹਿਰਾਂ ਅਤੇ ਦਰਿਆਵਾਂ ਵਿੱਚ ਵਗਦਾ ਹੈ। ਉਸ ਨੂੰ ਗੰਦਾ ਕਰਨ ਵਿੱਚ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਜਦੋਂ ਕਿ ਉਸੇ ਪਾਣੀ ਨੂੰ ਸਾਰੇ ਮਨੁੱਖ ਪੀਣ ਲਈ ਵਰਤਦੇ ਹਨ। ਲੰਬੇ ਸਮੇਂ ਤੋਂ ਸਾਡੇ ਲੋਕ ਧਾਰਮਿਕ ਸਮੱਗਰੀ ਨੂੰ ਵੱਡੇ ਪੱਧਰ ਤੇ ਪਾਣੀ ਵਿਚ ਸੁੱਟਦੇ ਰਹਿੰਦੇ ਹਨ ਜੋ ਕਿ ਕਿਸੇ ਜ਼ਮਾਨੇ ਵਿੱਚ ਇਹ ਸ਼ਾਇਦ ਪੁੰਨ ਸਮਝਿਆ ਜਾਂਦਾ ਸੀ। ਅੱਜ ਕੱਲ ਦੇ ਜ਼ਮਾਨੇ ਵਿਚ ਇਹ ਘੋਰ ਪਾਪ ਹੈ ਕਿਉਂਕਿ ਅਜਿਹਾ ਕਰਕੇ ਅਸੀਂ ਆਪਣੇ ਆਪ ਨੂੰ ਗੰਦਾ ਪਾਣੀ ਪੀਣ ਨੂੰ ਮਜਬੂਰ ਕਰ ਰਹੇ ਹਾਂ। ਸੋ “ਜਲ ਹੈ ਤਾ ਕੱਲ ਹੈ” ਅਨੁਸਾਰ ਪਾਣੀ ਦੀ ਬਚਾਓ ਮੁਹਿੰਮ ਵਿੱਚ ਹਿੱਸਾ ਪਾ ਕਿ ਇਸ ਤਬਦੀਲੀ ਦਾ ਹਿੱਸਾ ਬਣੀਏ।