*ਪਾਕਿ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਿਆ ਸਿੱਖ ਜੱਥਾ ਫਸਿਆ, ਭਾਰਤੀ ਹਾਈ ਕਮਿਸ਼ਨ ਸੰਪਰਕ ‘ਚ*

0
67

ਨਵੀਂ ਦਿੱਲੀ 13 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਪੰਜਾ ਸਾਹਿਬ ਨਹੀਂ ਪਹੁੰਚ ਸਕਿਆ। ਇਹ ਜੱਥਾ ਪਾਕਿਸਤਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਅਟਾਰੀ ਸਰਹੱਦ ‘ਤੇ ਫਸਿਆ ਹੋਇਆ ਹੈ ਤੇ ਅੱਗੇ ਨਹੀਂ ਵਧ ਸਕਿਆ। ਹਸਨ ਅਬਦਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਾ ਹੋਣ ਕਾਰਨ ਇਨ੍ਹਾਂ ਸ਼ਰਧਾਲੂਆਂ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਲਿਆਂਦਾ ਗਿਆ।

ਉਧਰ ਭਾਰਤੀ ਹਾਈ ਕਮਿਸ਼ਨ ਲਗਾਤਾਰ ਇਨ੍ਹਾਂ ਸ਼ਰਧਾਲੂਆਂ ਦੇ ਸੰਪਰਕ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਨੂੰ ਇਨ੍ਹਾਂ ਸ਼ਰਧਾਲੂਆਂ ਲਈ ਵਧੀਆ ਪ੍ਰਬੰਧ ਕਰਨ ਲਈ ਕਿਹਾ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਸ਼ਰਧਾਲੂਆਂ ਨੇ ਪੰਜ ਸਾਹਿਬ ਪਹੁੰਚਣਾ ਸੀ, ਪਰ ਉਹ ਰਸਤੇ ਬੰਦ ਹੋਣ ਕਾਰਨ ਉੱਥੇ ਨਹੀਂ ਜਾ ਸਕੇ। ਭਾਰਤੀ ਹਾਈ ਕਮਿਸ਼ਨ ਸ਼ਰਧਾਲੂਆਂ ਦੇ ਸੰਪਰਕ ਵਿੱਚ ਹੈ। ਸੂਤਰਾਂ ਨੇ ਦੱਸਿਆ ਹੈ ਕਿ ਤਹਿਰੀਕ-ਏ-ਲੈਬਿਕ ਪਾਕਿਸਤਾਨ ਦੇ ਕਾਰਕੁਨ ਵਿਰੋਧ ਕਰ ਰਹੇ ਹਨ, ਇਸ ਕਰਕੇ ਸ਼ਰਧਾਲੂਆਂ ਦੀ ਆਵਾਜਾਈ ਸੰਭਵ ਨਹੀਂ।

ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤੀ ਸਿੱਖਾਂ ਦਾ ਇਹ ਜੱਥਾ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਦੇ ਵੱਖ-ਵੱਖ ਸਿੱਖ ਤੀਰਥ ਕੇਂਦਰਾਂ ਦਾ ਦੌਰਾ ਕਰੇਗਾ। ਇਨ੍ਹਾਂ ਸਾਰੇ ਯਾਤਰੀਆਂ ਦੀ ਪਾਕਿਸਤਾਨ ਜਾਣ ਤੋਂ ਪਹਿਲਾਂ ਕੋਰੋਨਾ ਜਾਂਚ ਕੀਤੀ ਗਈ ਸੀ। ਜਾਂਚ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਦਰਸ਼ਨਾਂ ਲਈ ਭੇਜਿਆ ਗਿਆ ਸੀ।

ਦੱਸ ਦੇਈਏ ਕਿ ਪਾਕਿਸਤਾਨ ਦੀ ਪੁਲਿਸ ਨੇ ਟੀਐਲਪੀ ਦੇ ਵੱਡੇ ਨੇਤਾ ਨੂੰ ਗ੍ਰਿਫਤਾਰ ਕੀਤਾ ਹੈ। ਸਮਰਥਕ ਆਪਣੇ ਨੇਤਾ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ ਬਹੁਤ ਸਾਰੀਆਂ ਸੜਕਾਂ ਬੰਦ ਹਨ।

LEAVE A REPLY

Please enter your comment!
Please enter your name here