ਚੰਡੀਗੜ / ਜਲੰਧਰ, 6 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ): ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਆਈ.ਐਸ.ਆਈ. (ਇੰਟਰ-ਸਰਵਿਸਜ਼ ਇੰਟੈਲੀਜੈਂਸ) ਲਈ ਜਾਸੂਸੀ ਕਰਨ ਅਤੇ ਕਲਾਸੀਫਾਈਡ ਦਸਤਾਵੇਜ ਮੁਹੱਈਆ ਕਰਾਉਣ ਦੇ ਦੋਸ਼ ਵਿੱਚ ਫੌਜ ਦੇ ਦੋ ਜਵਾਨਾਂ ਦੀ ਗਿ੍ਰਫਤਾਰੀ ਨਾਲ ਕ੍ਰੌਸ-ਬਾਰਡਰ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ।ਗਿ੍ਰਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਸਿਪਾਹੀ ਹਰਪ੍ਰੀਤ ਸਿੰਘ (23), ਜੋ ਅੰਮਿ੍ਰਤਸਰ ਦੇ ਪਿੰਡ ਚੀਚਾ ਦਾ ਰਹਿਣ ਵਾਲਾ ਹੈ ਅਤੇ ਅਨੰਤਨਾਗ ਵਿੱਚ ਤਾਇਨਾਤ ਸੀ, ਵਜੋਂ ਹੋਈ ਹੈ । ਉਹ 2017 ਵਿਚ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ ਅਤੇ 19 ਰਾਸ਼ਟਰੀ ਰਾਈਫਲਜ਼ ਨਾਲ ਸਬੰਧਤ ਹੈ। ਸਿਪਾਹੀ ਗੁਰਭੇਜ ਸਿੰਘ (23), ਤਰਨਤਾਰਨ ਦੇ ਪਿੰਡ ਪੂਨੀਆਂ ਦਾ ਵਸਨੀਕ ਹੈ, ਜੋ 18 ਸਿੱਖ ਲਾਈਟ ਇਨਫੈਂਟਰੀ ਨਾਲ ਸਬੰਧਤ ਹੈ ਅਤੇ ਕਾਰਗਿਲ ਵਿਚ ਕਲਰਕ ਵਜੋਂ ਕੰਮ ਕਰਦਾ ਸੀ। ਉਹ ਸਾਲ 2015 ਵਿਚ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ।
ਇਹ ਜਾਣਕਾਰੀ ਸਾਂਝੀ ਕਰਦਿਆਂ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਐਸ.ਐਸ.ਪੀ. ਨਵੀਨ ਸਿੰਗਲਾ ਦੀ ਅਗਵਾਈ ਵਿੱਚ ਜਲੰਧਰ ਦਿਹਾਤੀ ਪੁਲਿਸ ਨੇ ਐਨ.ਡੀ.ਪੀ.ਐਸ. ਕੇਸ ਦੀ ਜਾਂਚ ਕਰਦਿਆਂ, ਸਰਹੱਦ ਪਾਰ ਦੇ ਨਸ਼ਾ ਤਸਕਰ ਰਣਵੀਰ ਸਿੰਘ, ਜਿਸ ਨੂੰ 24 ਮਈ, 2021 ਨੂੰ 70 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਤੋਂ ਭਾਰਤੀ ਫੌਜ ਦੀ ਕਾਰਜ ਪ੍ਰਣਾਲੀ ਅਤੇ ਤਾਇਨਾਤੀ ਸੰਬੰਧੀ ਗੁਪਤ ਦਸਤਾਵੇਜ਼ ਬਰਾਮਦ ਕੀਤੇ ਸਨ। ਉਹਨਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਰਣਵੀਰ ਨੇ ਖੁਲਾਸਾ ਕੀਤਾ ਕਿ ਉਸਨੂੰ ਇਹ ਦਸਤਾਵੇਜ ਸਿਪਾਹੀ ਹਰਪ੍ਰੀਤ ਸਿੰਘ, ਜੋ ਉਸਦਾ ਦੋਸਤ ਹੈ ਅਤੇ ਉਹ ਦੋਵੇਂ ਇੱਕੋ ਪਿੰਡ ਦੇ ਵਸਨੀਕ ਹਨ, ਤੋਂ ਮਿਲੇ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਰਣਵੀਰ ਨੇ ਸਿਪਾਹੀ ਹਰਪ੍ਰੀਤ ਸਿੰਘ ਨੂੰ ਫੌਜ ਨਾਲ ਸਬੰਧਤ ਕਲਾਸੀਫਾਈਡ ਦਸਤਾਵੇਜ਼ ਸਾਂਝੇ ਕਰਨ ਲਈ ਵਿੱਤੀ ਲਾਭ ਦੇਣ ਲਈ ਪ੍ਰੇਰਿਤ ਕੀਤਾ , ਜਿਸ ਤੋਂ ਬਾਅਦ ਉਸਨੇ ਆਪਣੇ ਦੋਸਤ ਸਿਪਾਹੀ ਗੁਰਭੇਜ ਨੂੰ ਇਹਨਾਂ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਕਰ ਲਿਆ । ਸ੍ਰੀ ਗੁਪਤਾ ਨੇ ਦੱਸਿਆ ਕਿਉਂਕਿ ਗੁਰਭੇਜ 121 ਇਨਫੈਂਟਰੀ ਬਿ੍ਰਗੇਡ ਹੈੱਡਕੁਆਰਟਰ , ਕਾਰਗਿਲ ਵਿੱਚ ਬਤੌਰ ਕਲਰਕ ਕੰਮ ਕਰ ਰਿਹਾ ਸੀ ਇਸ ਲਈ ਉਸਨੂੰ ਭਾਰਤੀ ਫੌਜ ਨਾਲ ਜੁੜੇ ਰਣਨੀਤਕ ਅਤੇ ਜੰਗੀ ਨੀਤੀਆਂ ਸਬੰਧੀ ਜਾਣਕਾਰੀ ਵਾਲੇ ਇਹਨਾਂ ਕਲਾਸੀਫਾਈਡ ਦਸਤਾਵੇਜਾਂ ਤੱਕ ਪਹੁੰਚ ਕਰਨੀ ਸੁਖਾਲੀ ਸੀ।ਉਹਨਾਂ ਕਿਹਾ ਕਿ ਦੋਵੇਂ ਦੋਸ਼ੀ ਫੌਜੀਆਂ ਨੇ ਫਰਵਰੀ ਤੋਂ ਮਈ 2021 ਦਰਮਿਆਨ 4 ਮਹੀਨਿਆਂ ਵਿੱਚ ਦੇਸ਼ ਦੀ ਫੌਜ ਅਤੇ ਕੌਮੀ ਸੁਰੱਖਿਆ ਨਾਲ ਸਬੰਧਤ 900 ਤੋਂ ਵੱਧ ਕਲਾਸੀਫਾਈਡ ਦਸਤਾਵੇਜ਼ਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ , ਜਿਨਾਂ ਨੂੰ ਦੋਸ਼ੀਆਂ ਨੇ ਅੱਗੇ ਪਾਕਿਸਤਾਨੀ ਖੁਫੀਆ ਜਾਣਕਾਰੀ ਅਧਿਕਾਰੀ ਹਵਾਲੇ ਕਰ ਦਿੱਤਾ ਸੀ। ਡੀਜੀਪੀ ਨੇ ਖੁਲਾਸਾ ਕੀਤਾ ਕਿ ਰਣਵੀਰ ਅੱਗੇ ਇਹ ਕਲਾਸੀਫਾਈਡ ਦਸਤਾਵੇਜ ਜਾਂ ਤਾਂ ਪਾਕਿਸਤਾਨ ਆਈ.ਐਸ.ਆਈ. ਦੇ ਕਾਰਕੁੰਨਾਂ ਨੂੰ ਸਿੱਧੇ ਤੌਰ ’ਤੇ ਜਾਂ ਅਮਿ੍ਰਤਸਰ ਦੇ ਪਿੰਡ ਡੌਕੇ ਦੇ ਮੁੱਖ ਨਸ਼ਾ ਤਸਕਰ ਗੋਪੀ ਰਾਹੀਂ ਭੇਜਦਾ ਸੀ। ਦੱਸਣਯੋਗ ਹੈ ਕਿ ਗੋਪੀ, ਪਾਕਿਸਤਾਨ ਸਥਿਤ ਨਸ਼ਾ ਤਸਕਰੀ ਕਰਨ ਵਾਲੇ ਸਿੰਡੀਕੇਟ ਅਤੇ ਆਈ.ਐਸ.ਆਈ. ਅਧਿਕਾਰੀਆਂ ਦੇ ਸੰਪਰਕ ਵਿੱਚ ਸੀ ਅਤੇ ਉਹਨਾਂ ਨਾਲ ਮਿਲ ਕੇ ਕੰਮ ਕਰਦਾ ਸੀ।ਡੀਜੀਪੀ ਨੇ ਅੱਗੇ ਦੱਸਿਆ ਕਿ ਰਣਵੀਰ ਦੇ ਖੁਲਾਸਿਆਂ ਤੋਂ ਬਾਅਦ, ਪੁਲਿਸ ਨੇ ਗੋਪੀ ਨੂੰ ਵੀ ਗਿ੍ਰਫਤਾਰ ਕਰ ਲਿਆ ਹੈ, ਜਿਸ ਨੇ ਕਬੂਲਿਆ ਕਿ ਉਸਨੇ ਹੈਰੋਇਨ ਦੀ ਸਪਲਾਈ ਅਤੇ ਵਿੱਤੀ ਲਾਭ ਦੇ ਬਦਲੇ ਵਿੱਚ ਕਲਾਸੀਫਾਈਡ ਦਸਤਾਵੇਜ ਪਾਕਿਸਤਾਨ ਅਧਾਰਤ ਨਸ਼ਾ ਤਸਕਰ ਕੋਠਾਰ ਅਤੇ ਇਕ ਕਥਿਤ ਪਾਕਿ ਆਈ.ਐਸ.ਆਈ. ਕਾਰਕੰੁਨ ਸਿਕੰਦਰ ਨੂੰ ਉਪਲਬਧ ਕਰਵਾਏ ਸਨ, ਵਜੋਂ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਇਹ ਸਾਰੀਆਂ ਤਸਵੀਰਾਂ ਇਨਕਿ੍ਰਪਟਡ ਐਪਸ ਰਾਹੀਂ ਭੇਜੀਆਂ ਗਈਆਂ ਸਨ। ਡੀਜੀਪੀ ਗੁਪਤਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਮੁਤਾਬਕ ਹਰਪ੍ਰੀਤ ਸਿੰਘ ਅਤੇ ਗੁਰਭੇਜ ਸਿੰਘ ਨੂੰ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਬਦਲੇ ਪੈਸੇ ਦਿੱਤੇ ਜਾਂਦੇ ਸਨ। ਉਹਨਾਂ ਕਿਹਾ ਕਿ ਰਣਵੀਰ ਸਿੰਘ ਵਲੋਂ ਹਰਪ੍ਰੀਤ ਸਿੰਘ ਨੂੰ ਪੈਸਾ ਭੇਜਿਆ ਜਾਂਦਾ ਸੀ ਜੋ ਅੱਗੇ ਇਸਨੂੰ ਗੁਰਭੇਜ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੰਦਾ ਸੀ। ਐਸ.ਐਸ.ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਫੌਜ ਦੇ ਅਧਿਕਾਰੀਆਂ ਨੇ ਦੋਵਾਂ ਦੋਸ਼ੀ ਫੌਜੀਆਂ ਨੂੰ ਜਲੰਧਰ ਦਿਹਾਤੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਹੋਰ ਦੋਸ਼ੀ ਵਿਅਕਤੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਇਸ ਦੌਰਾਨ ਐਫਆਈਆਰ ਨੰ. 73 ਮਿਤੀ 24 ਮਈ, 2021 ਜੋ ਕਿ ਪਹਿਲਾਂ ਹੀ ਰਣਵੀਰ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 21 (ਬੀ) / 61/85 ਦੇ ਤਹਿਤ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਵਿੱਚ ਦਰਜ ਕੀਤਾ ਗਿਆ ਸੀ, ਵਿੱਚ ਇਹਨਾਂ ਦੋਵੇਂ ਫੌਜੀ ਜਵਾਨਾਂ ਅਤੇ ਗੋਪੀ ਦਾ ਨਾਮ ਨਾਮਜਦ ਕਰਨ ਤੋਂ ਬਾਅਦ ਆਈਪੀਸੀ ਦੀ ਧਾਰਾ 124-ਏ ਅਤੇ 120-ਬੀ ਅਤੇ ਔਫੀਸ਼ੀਅਲ ਸੀਕ੍ਰਟਸ ਐਕਟ ਦੀ ਧਾਰਾ 3, 5 ਅਤੇ 9 ਦਾ ਵਾਧਾ ਕੀਤਾ ਗਿਆ ਹੈ। I/207483/2021