ਮਾਨਸਾ – 24 ਜੂਨ (ਸਾਰਾ ਯਹਾ/ਜਗਦੀਸ਼ ਬਾਂਸਲ)– ਸਿਵਲ ਹਸਪਤਾਲ ਮਾਨਸਾ ‘ਚ ਡੋਪ ਟੈਸਟ, ਬੀਮਾਂ ਯੋਜਨਾਵਾਂ, ਜਾਅਲੀ ਅਪੰਗਤਾ ਅਤੇ ਐਮ ਐਲ ਆਰ ਸਰਟੀਫਿਕੇਟਾਂ ਆਦਿ ‘ਚ ਰਿਸ਼ਵਤ ਲੈ ਕੇ ਅਦਲਾ ਬਦਲੀ ਕਰਨ ਦੇ ਮਾਮਲੇ ‘ਚ ਗਿਰਫਤਾਰ ਕੀਤੇ ਤਿੰਨ ਕਰਮਚਾਰੀਆਂ ਦਰਸ਼ਨ ਸਿੰਘ , ਤੇਜਿੰਦਰ ਕੁਮਾਰ ਅਤੇ ਵਿਜੇ ਕੁਮਾਰ ਦਾ ਪੁਲੀਸ ਰਿਮਾਂਡ ਅੱਜ ਸਮਾਪਤ ਹੋ ਗਿਆ ਅਤੇ ਅਦਾਲਤ ਨੇ ਤਿੰਨਾਂ ਨੂੰ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਹੈ। ਵਿਜੀਲੈਂਸ ਨੇ ਰਿਸ਼ਵਤ ਮਾਮਲੇ ਦੀ ਕੜੀ ਨੂੰ ਹੋਰ ਅੱਗੇ ਤੋਰਦਿਆਂ ਅੱਜ ਤਿੰਨ ਹੋਰ ਨਵੇਂ ਵਿਆਕਤੀਆਂ ਨੁੰ ਗਿਰਫਤਾਰ ਕਰ ਲਿਆ ਹੈ। ਗਿਰਫਤਾਰ ਵਿਆਕਤੀਆਂ ਵਿੱਚ ਨਿਊ ਨੰਦੀ ਮੈਡੀਕਲ ਹਾਲ ਦੇ ਅਨਿੱਲ ਕੁਮਾਰ, ਜੀ ਬੀ ਆਰਥੋਪੈਡਿਕ ਇੰਪਲਾਸਿਜ਼ ਦੇ ਮਾਲਕ ਗੁਰਵਿੰਦਰ ਸਿੰਘ ਲਾਲੀ ਅਤੇ ਬੂਟਾ ਸਿੰਘ ਸ਼ਾਮਿਲ ਹਨ । ਵਿਜੀਲੈਂਸ ਦੇ ਐਸ ਐਸ ਪੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਹ ਤਿੰਨੇ ਜਣੇ ਸਿਵਲ ਹਸਪਤਾਲ ਨੂੰ ਦਵਾਈਆਂ ਅਤੇ ਹੋਰ ਸਾਜੋ ਸਮਾਨ ਸਪਲਾਈ ਕਰਦੇ ਸਨ।ਗੁਰਬਿੰਦਰ ਸਿੰਘ ਤੇ ਬੂਟਾ ਸਿੰਘ ਗੋਡੇ ,ਚੂਲਾ, ਪਲੇਟਾਂ ਆਦਿ ਸਪਲਾਈ ਕਰਦੇ ਸਨ। ਹਸਪਤਾਲ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਤਿੰਨਾਂ ਨੂੰ ਬਿਨਾਂ ਕਿਸੇ ਟੈਂਡਰ ਹੀ ਕੰਮ ਦਿੱਤਾ ਗਿਆ ਸੀ।ਨਿਯਮਾਂ ਅਨੁਸਾਰ ਨਵਾਂ ਕੰਮ ਦੇਣ ਲਈ ਅਖ਼ਬਰਾਂ ‘ਚ ਇਸ਼ਤਿਹਾਰ ਦੇਣਾ ਬਣਦਾ ਹੈ ਪਰ ਅਧਿਕਾਰੀਆਂ ਨੇ ਇੱਕ ਲੋਕਲ ਅਖ਼ਬਾਰ ਵਿੱਚ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੇ ਨਾਲ ਹੀ ਇੱਕ ਥਾਂ ਲਿਖ ਕੇ ਹੀ ਕੰਮ ਸਾਰ ਦਿੱਤਾ । ਐਸ ਐਮ ਓ ਨੇ ਤਿੰਨੇ ਮੁਲਜ਼ਮਾਂ ਨੂੰ ਗੁਪਤ ਰੂਪ ‘ਚ ਕਮੇਟੀ ਵਿੱਚ ਸ਼ਾਮਿਲ ਕਰਕੇ ਕੰਮ ਸ਼ੁਰੂ ਕਰਵਾ ਦਿੱਤਾ । ਇਨ੍ਹਾਂ ਮੁਲਜ਼ਮਾਂ ਨੇ ਐਸ ਐਮ ਓ ਤੇ ਡਾਕਟਰਾਂ ਨਾਲ ਮਿਲਕੇ ਕਮਿਸ਼ਨ ਕੀਤਾ ਅਤੇ ਮੋਟੀ ਕਮਾਈ ਦਾ ਧੰਦਾ ਅਰੰਭ ਦਿੱਤਾ। ਇਨ੍ਹਾਂ ਵੱਲੋਂ ਹਸਪਤਾਲ ਨੂੰ ਸਮਾਨ ਸਪਲਾਈ ਲਈ ਦਿੱਤੀਆਂ ਕੁਟੇਸ਼ਨਾਂ ਵੀ ਫਰਜ਼ੀ ਦੱਸੀਆਂ ਜਾ ਰਹੀਆਂ ਹਨ । ਰਿਸ਼ਵਤ ਮਾਮਲੇ ‘ਚ ਅੱਜ ਨਵੇਂ ਫੜੇ ਗਏ ਤਿੰਨ ਦੋਸ਼ੀਆਂ ਤੋ ਬਾਅਦ ਹੋਰਨਾਂ ਨੂੰ ਵੀ ਕੰਬਣੀ ਛਿੜ ਗਈ ਹੈ। ਪਿਛਲੇ ਦਿਨੀਂ ਰੂਪੋਸ਼ ਹੋਏ ਕਈ ਡਾਕਟਰ ਅਤੇ ਕਰਮਚਾਰੀਆਂ ਦੇ ਘਰਾਂ ਨੂੰ ਅੱਜ ਵੀ ਜੰਦਰੇ ਵੱਜੇ ਹੋਏ ਸਨ । ਪ੍ਰਾਪਤ ਵੇਰਵਿਆਂ ਅਨੁਸਾਰ ਜੇਕਰ ਪਾਜੇਟਿਵ ਤੋਂ ਨੈਗੇਟਿਵ ਹੋਏ ਡੋਪ ਟੈਸਟਾਂ ਵਾਲੇ ਸਾਰੇ ਲੋਕਾਂ ਦੇ ਮੁੜ ਟੈਸਟ ਕੀਤੇ ਜਾਂਦੇ ਹਨ ਤਾਂ ਅਗਲੇ ਦਿਨਾਂ ‘ਚ ਕਈ ਅਸਰ ਰਸੂਖ ਵਾਲੇ ਲੋਕ ਅਤੇ ਰਾਜਨੀਤਿਕ ਪਾਰਟੀਆਂ ਦੇਆਗੂ ਵੀ ਕੁੜਿੱਕੀ ‘ਚ ਆ ਸਕਦੇ ਹਨ